Tuesday, November 10, 2009

ਪੰਜਾਬ ਦੇ ਵਾਤਾਵਰਣੀ ਸਿਹਤ ਸੰਕਟ ਦੇ ਹੱਲ ਲਈ ਲੋੜ ਹੈ ਨਵੀਂ ਸੋਚ ਅਤੇ ਸਾਹਸ ਦੀ



ਬੀਤੇ ਕੁਝ ਸਮੇਂ ਵਿਚ ਮੈਂ ਕੈਂਸਰ ਦੀ ਭਿਆਨਕਤਾ ਤੋਂ ਬਹੁਤ ਨੇੜਿਓਂ ਰੂ-ਬਰੂ ਹੋ ਰਿਹਾ ਹਾਂ
ਜਿੰਨ੍ਹਾਂ ਨੂੰ ਮੈਂ ਜਾਣਦਾ ਸੀ ਅਜਿਹੇ ਚੰਦ ਲੋਕ ਕੈਂਸਰ ਦੀ ਭੇਂਟ ਚੜ੍ਹੇਅਨੇਕਾਂ ਅਜਿਹੇ ਨੇ ਜਿੰਨ੍ਹਾ ਦੇ ਰਿਸ਼ਤੇਦਾਰ, ਭੈਣ-ਭਰਾ ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਨਿਗਲ ਲਏ ਜਾਂ ਉਨ੍ਹਾਂ ਦੇ  ਕੈਂਸਰ - ਗ੍ਰਸਤ ਹੋਣ ਦੀ ਪੁਸ਼ਟੀ ਹੋਈਕੈਂਸਰ ਦੇ ਇਹ ਮਰੀਜ਼ ਤੇ ਮੌਤਾਂ ਸਮੁੱਚੇ ਮਾਲਵੇ ਵਿਚ ਫੈਲੀਆਂ ਹੋਈਆਂ ਹਨਕੈਂਸਰ ਇਕ ਭਿਆਨਕ ਕਾਤਲ ਬਣਕੇ ਵੱਡੇ ਤੋਂ ਵੱਡੇ ਇਲਾਕੇ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈਅੱਗੇ ਕੈਂਸਰ ਦੀ ਬੀਮਾਰੀ ਹੋਣ ਜਾਂ ਕੈਂਸਰ ਨਾਲ ਮੌਤ ਹੋਣ ਦੀ ਖਬਰ ਸੁਣਕੇ ਹਿਰਦਾ ਤ੍ਰਬਕ ਜਾਂਦਾ ਸੀ, ਪਰ ਹੌਲੀ -ਹੌਲੀ ਇਹ ਏਨਾ ਆਮ ਹੋ ਗਿਆ ਹੈ ਕਿ ਮਨ ਦੀਆਂ ਸੰਵੇਦਨਾਵਾਂ ਤੇ ਦੂਜਿਆਂ ਦਾ ਦੁੱਖ ਦੇਖਕੇ ਵਹਿਣ ਵਾਲੇ ਅੱਖਾਂ ਦੇ ਅੱਥਰੂ ਮੁੱਕ ਚੱਲੇ ਨੇਹੁਣ ਇਕ ਗੁੱਸਾ ਆਉਂਦਾ ਹੈਪਰ ਉਹ ਗੁੱਸਾ ਕਿਸਦੇ ਖਿਲਾਫ ਹੈ -ਇਹ ਸਮਝ ਨਹੀਂ ਆਉਂਦਾਕੀ ਸੋਹਣਾ ਅਤੇ ਸਜੀਲਾ ਪੰਜਾਬ ਇਸ ਭਿਆਨਕਤਾ ਦਾ ਸ਼ਿਕਾਰ ਹੋਵੇਗਾ? ਪੰਜਾਬ ਦਾ ਅਜੋਕਾ ਵਾਤਾਵਰਣੀ ਸਿਹਤ ਸੰਕਟ ਆਪਣੇ ਵਾਤਾਵਰਣ ਨੂੰ ਬਰਬਾਦ ਕਰਨ ਦਾ ਸੁਭਾਵਿਕ ਨਤੀਜਾ ਹੈਪਰ ਸਵਾਲ ਹੈ ਕਿ ਕੌਣ ਹੈ ਇਸ ਦਾ ਜ਼ਿੰਮੇਂਦਾਰ? ਪੰਜਾਬ ਦੀ ਮਿੱਟੀ, ਪੌਣਪਾਣੀ, ਅਨਾਜ, ਦੁੱਧ ਸਾਰੇ ਭਾਰੀ ਮਾਤਰਾ ਵਿਚ ਜ਼ਹਿਰਾਂ ਨਾਲ ਭਰੇ ਜਾ ਚੁੱਕੇ ਨੇਸਾਡੇ ਖ਼ੂਨ ਤੋਂ ਕੇ ਮਾਂ ਦਾ ਦੁੱਧ ਤੱਕ ਜ਼ਹਿਰ ਗ੍ਰਸਤ ਹੋ ਗਿਆ ਹੈਕੌਣ ਹੈ ਇਸ ਤ੍ਰਾਸਦੀ ਦਾ ਜ਼ਿਮੇਂਦਾਰ ? ਪੰਜਾਬ ਦੀਆਂ ਆਉਂਦੀਆਂ ਪੀੜ੍ਹੀਆਂ ਇਸ ਵਾਤਾਰਵਣੀ ਸਿਹਤ ਸੰਕਟ ਦਾ ਸੰਤਾਪ ਭੋਜਣ ਨੂੰ ਸ਼ਰਾਪਗ੍ਰਸਤ ਕਰ ਦਿੱਤੀਆਂ ਨੇਕੌਣ ਹੈ ਇਸ ਦਾ ਜ਼ਿੰਮੇਂਦਾਰ? ਜ਼ਹਿਰਾਂ ਯਾਨੀ ਕੀਟਨਾਸ਼ਕ/ਨਦੀਨਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ? ਇਹਨਾਂ ਜ਼ਹਿਰਾਂ ਦੀ ਹਾੜੀ ਸੌਣੀ ਦੀਆਂ ਫਸਲਾਂ ਲਈ ਸਿਫਾਰਸ਼ਾਂ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ? ਜਾਂ ਫਿਰ ਸਾਡਾ ਅਣਭੋਲ ਕਿਸਾਨ? ਇਸ ਦਾ ਜਵਾਬ ਤਾਂ ਆਉਂਦੇ ਸਮੇਂ ਵਿਚ ਮਿਲੇਗਾਪਰ ਇਹ ਸੰਕਟ ਪੰਜਾਬ ਦੀ ਹੋਂਦ ਦਾ ਹੀ ਸੰਕਟ ਬਣ ਗਿਆ ਹੈਜਾਣੇ-ਅਣਜਾਣੇ ਪੰਜਾਬੀਆਂ ਦੀ ਖਾਮੋਸ਼ ਨਸਲਕੁਸ਼ੀ ਦਾ ਇਕ ਕਾਰਨ

 
ਪਿਛਲੇ ਚੰਦ ਮਹੀਨਿਆਂ ਦੌਰਾਨ ਮਾਲਵੇ ਦੇ ਕਰੀਬ 100 ਪਿੰਡਾਂ 'ਚ ਜਾਣ ਦਾ ਮੌਕਾ ਮਿਲਿਆਇਹਨਾਂ ਪਿੰਡਾਂ ਦੇ ਹਾਲਾਤ ਵੇਖ ਕੇ ਅਸੀਂ ਬੇਹੱਦ ਚਿੰਤਤ ਹਾਂਇਹਨਾਂ ਪਿੰਡਾਂ ਦੀ ਯਾਤਰਾ ਦੌਰਾਨ ਇਹਨਾਂ ਹੀ ਪਿੰਡਾਂ ਤੋਂ ਖੇਤੀ ਵਿਰਾਸਤ ਮਿਸ਼ਨ ਵਿਚ ਕਾਰਜਸ਼ੀਲ ਮੇਰੇ ਸਾਥੀ ਸਨਆਪਣੀ ਇਸ ਫੇਰੀ ਦੌਰਾਨ ਅਸੀਂ ਮਹਿਸੂਸ ਕੀਤਾ ਕਿ ਮਾਲਵੇ 'ਚ ਇਕ ਵੀ ਅਜਿਹਾ ਪਿੰਡ  ਪਿੰਡ ਨਹੀਂ ਬਚਿਆ ਜਿੱਥੇ ਪਿਛਲੇ ਪੰਜ ਸਾਲਾਂ ਦੌਰਾਨ ਕੈਂਸਰ ਨੇ ਕੋਈ ਜਾਨ ਨਾ ਲਈ ਹੋਵੇ  ਮੈਂ ਭਾਵੇਂ ਕੋਈ ਵਿਗਿਆਨਕ ਮਾਹਿਰ ਤਾਂ ਨਹੀਂ, ਪਰ ਮੈਂ ਗੁਰਬਾਣੀ ਦੇ ਪਵਿੱਤਰ ਵਾਕ 'ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਈ ਲਖਿਆ'  ਵਿਚ ਪੂਰਨ  ਵਿਸ਼ਵਾਸ ਰੱਖਦਾ ਹਾਂਮੈਨੂੰ ਕੋਈ ਭੁਲੇਖਾ ਨਹੀਂ ਕਿ ਇਹ ਮੌਜੂਦਾ ਸਥਿਤੀ ਹਰੇ ਇਨਕਲਾਬ ਦੀਆਂ ਖੇਤੀ ਤਕਨੀਕਾਂ ਅਤੇ ਕੁਦਰਤ ਦੋਖੀ ਵਿਕਾਸ ਪੈਰਾਡਾਈਮ ਵੱਲੋਂ ਕੀਤੇ ਗਏ ਵਾਤਾਵਰਣੀ ਵਿਨਾਸ਼ ਦਾ ਹੀ ਨਤੀਜਾ ਹੈਪਿੰਡਾਂ ਵਿਚ ਅਸੀਂ ਵੱਖ-ਵੱਖ ਸਮਿਆਂ 'ਤੇ ਗਏਉਦਾਹਰਣ ਦੇ ਤੌਰ 'ਤੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਯੋਜਿਤ  'ਜਲ ਯਾਤਰਾ' ਦੌਰਾਨ ਜੁਲਾਈ ਦੇ ਤੀਜੇ ਹਫ਼ਤੇ ਅਸੀਂ ਪੰਜਾਬ ਦੇ 6 ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਅਤੇ ਸੰਗਰੂਰ ਦੇ 21 ਪਿੰਡਾਂ ਵਿਚ ਗਏ ਅਤੇ ਇਨ੍ਹਾਂ ਪਿੰਡਾਂ ਅਤੇ ਆਸਪਾਸ ਦੇ ਕਰੀਬ 50 ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀਇਸ ਤੋਂ ਇਲਾਵਾ ਖੇਤੀ ਵਿਰਾਸਤ ਮਿਸ਼ਨ ਦੀਆਂ ਕੁਦਰਤੀ ਖੇਤੀ ਦੀਆਂ ਵਰਕਸ਼ਾਪਾਂ ਦੌਰਾਨ ਮਾਲਵੇ ਦੇ ਕਰੀਬ 78 ਪਿੰਡਾਂ ਦੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ


ਹਰ ਪਾਸੇ ਇਕੋ ਹੀ ਦਰਦਨਾਕ ਕਹਾਣੀ ਹੈ'ਮਾਖਿਓਂ ਮਿੱਠਾ ਮਾਲਵਾ' ਭਾਵ ਕਦੇ ਸ਼ਹਿਦ ਤੋਂ ਵੀ ਮਿੱਠਾ ਕਹੇ ਜਾਣ ਵਾਲੇ ਸਾਰੇ ਮਾਲਵੇ 'ਚ ਤੁਹਾਨੂੰ ਅਜਿਹੀਆਂ ਦੁੱਖ ਭਰੀਆਂ ਕਹਾਣੀਆਂ ਮਿਲ ਸਕਦੀਆਂ ਹਨਹਾਲਾਤ ਬਹੁਤ ਬੁਰੀ ਤਰ੍ਹਾਂ ਵਿਗੜ ਚੁੱਕੇ ਹਨ


ਇਹ ਦੇਖ ਕੇ ਬੇਹੱਦ ਦੁੱਖ ਹੁੰਦਾ ਹੈ ਕਿ ਮਾਲਵੇ 'ਚ ਚਹੁੰ ਪਾਸੀਂ ਮੌਤ ਦਾ ਤਾਂਡਵ ਹੈਹਰ ਪਿੰਡ ਨੇ ਮੌਤ ਦੀ ਭਿਆਨਕਤਾ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਹੈਮਰਨ ਵਾਲਿਆਂ ਵਿਚ ਜਵਾਨ, ਬਜ਼ੁਰਗ, ਵਿਆਹੇ, ਕੁਆਰੇ, ਆਦਮੀ, ਔਰਤ, ਅਮੀਰ, ਗਰੀਬ, ਕਿਸਾਨ, ਮਜ਼ਦੂਰ ਸਭ ਤਰ੍ਹਾਂ ਦੇ ਲੋਕ ਹਨ- ਕੋਈ ਵੀ ਬਖ਼ਸ਼ਿਆ ਨਹੀਂ ਗਿਆ  ਇਥੋਂ ਤੱਕ ਕਿ ਬੱਚੇ ਵੀ ਇਸ ਕਰੋਪੀ ਤੋਂ ਨਹੀਂ ਬਚੇਇਕ-ਇਕ ਪਿੰਡ ਵਿਚ 4-5 ਤੋਂ ਲੈ ਕੇ 60 ਜਾਂ ਇਸ ਤੋਂ ਜ਼ਿਅਦਾ ਮੌਤਾਂ ਦੀ ਕੁਲਹਿਣੀ ਖ਼ਬਰ ਮਿਲੀ ਹੈਇਹਨਾਂ ਪਿੰਡਾਂ ਵਿਚ ਕਿੰਨੇ ਹੀ ਹੋਰ ਕੈਂਸਰ ਦੇ ਮਰੀਜ਼ ਪਲ ਪਲ ਮੌਤ ਵੱਲ ਵਧ ਰਹੇ ਹਨਇਹ ਗੱਲ ਵੀ ਉਚੇਚੇ ਤੌਰ 'ਤੇ ਧਿਆਨ ਦੇਣ ਯੋਗ ਹੈ ਕਿ ਕੈਂਸਰ ਸਿਰਫ ਮੌਤ ਹੀ ਨਹੀਂ ਲੈ ਕੇ ਆਉਂਦਾ ਸਗੋਂ ਇਹ ਆਪਣੇ ਨਾਲ ਕਰਜ਼ੇ ਦੀ ਪੰਡ ਵੀ ਲਿਆਉਂਦਾ ਹੈ ਕਿਸਾਨਾਂ ਨੂੰ  ਆਪਣੇ ਬੱਚਿਆਂ ਦਾ ਇਲਾਜ਼ ਕਰਵਾਉਣ ਲਈ ਆਪਣੀ ਜ਼ਮੀਨ ਦਾ ਕੁਝ ਹਿੱਸਾ ਮਜ਼ਬੂਰਨ ਵੇਚਣਾ ਪਿਆ ਹੈਪਰ  ਸਿਰਫ ਹੀ ਨਹੀਂ ਜੋ ਲੋਕਾਂ ਦੀ ਜ਼ਿੰਦਗੀ ਤੇ  ਉਹਨਾਂ ਦੀ ਖੁਸ਼ਹਾਲੀ ਨੂੰ ਤਬਾਹ ਕਰ ਰਿਹਾ ਹੈਹੋਰ ਬਿਮਾਰੀਆਂ ਵੀ ਭਿਆਨਕਤਾ ਦੀ ਹੱਦ ਪਾਰ ਕਰ ਰਹੀਆਂ ਹਨਸਾਨੂੰ ਮੁੱਛ ਫੁੱਟ ਗੱਭਰੂਆਂ ਤੇ ਸੋਲ੍ਹਵੇਂ ਨੂੰ ਟੱਪਦੀਆਂ ਮੁਟਿਆਰਾਂ 'ਚ ਚਿੱਟੇ ਵਾਲਾਂ ਦੀ ਵਧਦੀ ਬੀਮਾਰੀ, ਜੋੜਾ ਦਾ ਦਰਦ ਯਾਨੀ ਉਮਰੋਂ ਪਹਿਲਾਂ ਆਏ ਬੁਢਾਪੇ ਦੇ ਚਿੰਨ੍ਹ ਨੂੰ ਥਾਂ-ਥਾਂ ਵੱਡੀ ਗਿਣਤੀ ਵਿਚ ਦੇਖਣ ਨੂੰ ਮਿਲੇ ਹਨਸੱਚ-ਮੁੱਚ 14-15 ਸਾਲ ਦੇ ਬੱਚਿਆਂ 'ਚ ਬੁਢੇਪੇ ਦੀਆਂ ਅਜਿਹੀਆਂ ਨਿਸ਼ਾਨੀਆਂ ਦੇਖਣਾ ਬੜਾ ਦੁੱਖਦਾਇਕ ਹੈਨੌਜਵਾਨ ਪੀੜ੍ਹੀ ਨੂੰ ਇਸ ਹਾਲ 'ਚ ਆਪਣੇ ਸਾਹਮਣੇ ਵੇਖ ਕੇ ਮੇਰੇ 'ਤੇ ਜੋ ਬੀਤੀ ਉਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਢੁੱਕਵੇਂ ਸ਼ਬਦ ਨਹੀਂ ਹਨ

 
ਇਸ ਤੋਂ ਬਿਨਾਂ ਪ੍ਰਜਣਨ ਸਬੰਧੀ ਬਿਮਾਰੀਆਂ ਹਨ, ਜਿੰਨ੍ਹਾਂ ਦਾ ਸਭ ਤੋਂ ਵਧ ਸ਼ਿਕਾਰ ਔਰਤਾਂ ਹੋਈਆਂ ਹਨਬੇ-ਔਲਾਦ ਜੋੜਿਆਂ ਦੀ ਗਿਣਤੀ ਖਤਰਨਾਕ ਹੱਦ ਤੱਕ ਜਾ ਪਹੁੰਚੀ ਹੈਇਸ ਨਾਲ ਇਕ ਸਮਾਜਿਕ ਸਮੱਸਿਆ ਇਹ ਆ ਜੁੜਦੀ ਹੈ ਕਿ ਬੱਚਾ ਨਾਲ ਪੈਦਾ ਹੋਣ ਕਰਕੇ ਔਰਤਾਂ ਨੂੰ ਮਾਨਸਿਕ ਤੇ ਸ਼ਰੀਰਕ ਤਸੀਹੇ ਝੱਲਣੇ ਪੈਂਦੇ ਹਨਪਰ ਅਫਸੋਸ ਕਿ ਸਾਡੇ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਿਛਲੇ ਕੁਝ ਕੁ ਸਾਲਾਂ ਵਿਚ ਕੀ ਗਲਤ ਹੋ ਗਿਆ ਹੈ ਜਿਸ ਨੇ ਇਸ ਤਰ੍ਹਾਂ ਦੀ ਵਿਨਾਸ਼ਮਈ ਹਾਲਤ ਪੈਦਾ ਕਰ ਦਿੱਤੀ ਹੈਇਹ ਸਭ ਉਨ੍ਹਾਂ ਦੀ ਕਲਪਨਾ ਤੋਂ ਵੀ ਪਰ੍ਹੇ ਹੈ


ਅਸੀਂ ਇਹਨਾਂ ਪਿੰਡਾਂ ਵਿਚ  ਵੱਡੀ ਗਿਣਤੀ ਵਿਚ ਗੁਰਦੇ ਦੇ ਮਰੀਜ਼ਾਂ, ਦਿਮਾਗ਼ੀ ਤੌਰ 'ਤੇ ਅਪਾਹਜ਼ ਬੱਚਿਆਂ, ਸ਼ੂਗਰ ਦੇ ਮਰੀਜ਼ਾਂ ਅਤੇ ਨਪੁੰਸਕਤਾ ਦੇ ਸ਼ਿਕਾਰ ਨੌਜਵਾਨਾਂ ਨੂੰ ਮਿਲੇਬਹੁਤੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਸਿਹਤ ਦਾ ਆਮ ਗਰਾਫ ਚਿੰਤਾਜਨਕ ਤੌਰ 'ਤੇ ਹੇਠਾਂ ਡਿੱਗਿਆ ਹੈਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ 'ਚ ਇਲਾਕੇ ਵਿਚ ਕੋਈ ਦਵਾਈਆਂ ਦੀ ਦੁਕਾਨ ਜਾਂ ਹਸਪਤਾਲ ਨਹੀਂ ਹੁੰਦਾ ਸੀ, ਫੇਰ ਵੀ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ ਨਾਲੋਂ ਕਾਫੀ ਘੱਟ ਸੀਬਜ਼ੁਰਗ ਲੋਕ ਇਸ ਦਾ ਕਾਰਨ ਸਮਝਦੇ ਹਨਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਆਮ ਨਜ਼ਰੀਆ ਇਹ ਹੈ ਕਿ ਇਹ ਸਾਰਾ ਬਿਖੇੜਾ ਰਸਾਇਣਕ ਖਾਦਾਂ ਤੇ ਕੀੜੇਮਾਰ ਜ਼ਹਿਰਾਂ ਦੀ ਆਮਦ ਤੋਂ ਬਾਦ ਹੀ ਸ਼ੁਰੂ ਹੋਇਆ ਹੈ


ਇਸ ਸਬੰਧ ਵਿਚ ਸਮੁੱਚੇ ਪੰਜਾਬ ਜਾਂ ਮਾਲਵਾ ਖੇਤਰ ਦੇ ਸੰਦਰਭ ਵਿਚ ਗੱਲ ਕਰਨਾ ਮਹੱਤਵਪੂਰਨ ਬਣਦਾ ਹੈਜੱਜਲ, ਗਿਆਨਾ ਜਾਂ ਮੱਲ ਸਿੰਘ ਵਾਲਾ ਜਿਹੇ ਕਿਸੇ ਪਿੰਡ ਬਾਰੇ ਗੱਲ ਕਰਨ ਨਾਲ ਸਹੀ ਤਸਵੀਰ ਪੇਸ਼ ਨਹੀਂ ਹੋਣੀਜਦੋਂ ਬਿਮਾਰੀ, ਮੌਤ, ਕਰਜ਼ ਅਤੇ ਉਜਾੜਾ ਹਰ ਪਾਸੇ ਫੈਲੀ ਆਮ ਗੱਲ ਹੋ ਜਾਵੇ ਤਾਂ ਸੰਕਟ ਦੀ ਗਹਿਰਾਈ ਨੂੰ ਸਮਝੇ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾਹਕੀਕਤ ਇਹ ਹੈ ਕਿ ਸਾਰਾ ਮਾਲਵਾ ਚੌਗਿਰਦੇ ਤੇ ਵਾਤਾਵਰਨੀ ਸਿਹਤ ਸੰਕਟ ਦੇ ਟਾਇਮ ਬੰਬ 'ਤੇ ਖੜ੍ਹਾ ਹੈ ਜੋ ਨਿਸ਼ਚਿਤ ਤੌਰ 'ਤੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਨਾਸ਼ ਵੱਲ ਲੈ ਜਾ ਰਿਹਾ ਹੈ


ਅੱਜ ਪੰਜਾਬ ਨੂੰ ਮੁੜ ਤੋਂ ਸੋਚਣ ਅਤੇ ਸਖ਼ਤ ਤੇ ਨਿਵੇਕਲੇ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਇਸ ਹਕੀਕਤ ਨਾਲ ਨਜਿੱਠਿਆ ਜਾ ਸਕੇਮੌਜ਼ੂਦਾ ਸਰਕਾਰ ਨੂੰ ਰਟੇ-ਰਟਾਏ ਨਾਹਰਿਆਂ ਤੇ ਹੱਲ ਕੋਸ਼ਿਸ਼ਾਂ ਤੋਂ ਬਾਹਰ ਨਿੱਕਲ ਕੇ ਤੁਰਨ ਦੀ ਲੋੜ ਹੈਇਸ ਵਾਸਤੇ ਕੁਝ ਸਲਾਹਾਂ ਇਥੇ ਪੇਸ਼ ਕਰ ਰਹੇ ਹਾਂ :

 
1. ਕੀੜੇਮਾਰ ਦਵਾਈਆਂ ਦੀ ਵਰਤੋਂ ਅਤੇ ਇਸ ਦੇ ਬਾਕੀ ਬਚਦੇ ਅਵਸ਼ੇਸ਼ ਬਾਰੇ ਖੋਜ਼ ਪ੍ਰੋਜੈਕਟ :


ਕਿਉਂਕਿ ਪੰਜਾਬ ਦਾ ਸ਼ੁਮਾਰ ਭਾਰਤ ਦੇ ਉਨ੍ਹਾਂ ਰਾਜਾਂ ਵਿਚ ਹੁੰਦਾ ਹੈ ਜਿਹੜੇ ਕੀੜੇਮਾਰ ਜ਼ਹਿਰਾਂ ਦੀ ਖਪਤ ਦੇ ਮਾਮਲੇ ਵਿਚ ਮੋਹਰੀ ਹਨਨਤੀਜੇ ਵਜੋਂ ਇਥੋਂ ਲੋਕਾਂ ਅਤੇ ਵਾਤਾਵਰਣ 'ਤੇ ਕੀੜੇਮਾਰ ਜ਼ਹਿਰਾਂ ਦੀ ਮਾਰ ਵੀ ਸਭ ਤੋਂ ਵੱਧ ਪਈ ਹੈਪੰਜਾਬ ਪਿਛਲੇ ਚਾਰ ਸਾਲਾਂ ਤੋਂ ਵਰਤੇ ਜਾਣ ਵਾਲੇ ਖੇਤੀ ਸਬੰਧੀ ਰਸਾਇਣਾਂ ਦੇ ਮਾੜੇ ਨਤੀਜੇ ਭੁਗਤ ਰਿਹਾ ਹੈਹੁਣ ਇਸ ਸੰਕਟ ਦੀ ਘੜੀ 'ਚ ਰਾਜ ਸਰਕਾਰ ਨੂੰ ਪੰਜਾਬ ਦੀਆਂ ਅਗਲੇਰੀਆਂ ਪੀੜ੍ਹੀਆਂ ਦੇ ਭਵਿੱਖ ਖਾਤਰ ਸੁਰੱਖਿਅਤ ਵਾਤਾਵਰਣ ਤੇ ਚੌਗਿਰਦੇ ਲਈ ਬਚਾਈ ਰੱਖਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨਇਸ ਲਈ ਸਰਕਾਰ ਨੂੰ ਇਹ ਕਦਮ ਚੁੱਕਣੇ ਚਾਹੀਦੇ ਹਨ


ਓ ) ਪੰਜਾਬ 'ਚ ਕੀੜੇਮਾਰ ਜ਼ਹਿਰਾਂ ਦੀ ਖਪਤ ਦੇ ਪੈਟਰਨਾਂ ਦੀ ਵਿਸਥਾਰਤ ਸੱਟਡੀ ਪੂਰੀ ਕਰਨਾ

 
ਅ) ਪੈਸਟੀਸਾਈਡ ਦੀ ਬੇਲਗਾਮ ਮਾਰਕੀਟਿੰਗ 'ਤੇ ਰੋਕ ਲਾਉਣਾ ਲਾਈ ਜਾਵੇਪੈਸਟੀਸਾਈਡ ਅਤੇ ਹਰ ਤਰ੍ਹਾਂ ਦੇ ਖੇਤੀ ਸਬੰਧੀ ਰਸਾਇਣਾਂ ਦੇ ਇਸ਼ਤਿਹਾਰ, ਪ੍ਰਾਪੇਗੰਡਾ ਤੇ ਪ੍ਰਚਾਰ ਆਦਿ ਸਭ ਕੁਝ ਇਸ ਪਾਬੰਦੀ ਅਧੀਨ ਲਿਆਂਦਾ ਜਾਵੇਇਸ ਦੇ ਨਾਲ ਹੀ ਪੈਸਟੀਡਾਈਡ  ਅਤੇ ਖੇਤੀ ਸਬੰਧੀ ਰਸਾਇਣਾਂ ਦੇ ਡੀਲਰਾਂ ਦੇ ਜਾਲ ਨੂੰ ਦਿੱਤੇ ਜਾਂਦੇ ਹਰ ਤਰ੍ਹਾਂ ਦੇ ਉਤਸ਼ਾਹ ਨੂੰ ਵੀ ਬੰਦ ਕਰਨ ਦੀ ਲੋੜ ਹੈ


) ਕੀੜੇਮਾਰ ਜ਼ਹਿਰਾਂ ਦੇ ਇਸਤੇਮਾਲ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੋੜੀਂਦੀ ਆਰਥਿਕ ਮੱਦਦ ਦੇ ਕੇ ਸਿੱਖਿਆ ਅਭਿਆਨ ਚਲਾਏ ਜਾਣੇ ਚਾਹੀਦੇ ਹਨਇਹ ਅਭਿਆਨ ਕੀੜੇਮਾਰ ਜ਼ਹਿਰਾਂ ਵਰਤਣ ਵਾਲਿਆਂ ਨੂੰ ਕੀੜੇਮਾਰ ਜ਼ਹਿਰਾਂ ਦੇ ਮਾੜੇ ਅਸਰਾਂ ਦੀ ਸਾਰੀ ਜਾਣਕਾਰੀ ਪਹੁੰਚਾਉਣਾ ਯਕੀਨੀ ਬਨਾਉਣ


ਸ) ਸਰਕਾਰ ਨੂੰ ਵਰਗ 1(ਓ ), 1(ਅ) ਅਤੇ 2 ਤਹਿਤ ਆਉਂਦੀਆਂ ਅਤਿ ਖਤਰਨਾਕ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਖਤਮ ਕਰਵਾਉਣ ਲਈ ਤੁਰੰਤ ਅਤੇ ਤੈਅ ਸਮਾਂ ਸੀਮਾ ਵਾਲੀਆਂ ਕਾਰਜਯੋਜਨਾਵਾਂ ਤਿਆਰ ਕਰਨੀਆਂ ਚਾਹੀਦੀਆਂ ਹਨ


ਹ) ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਪਹਿਲਾਂ ਹੀ ਤਿਆਰ ਕੀਤੇ ਅੰਕੜਿਆਂ ਨੂੰ ਵਿਵਸਥਤ ਢੰਗ ਨਾਲ ਇੱਕ ਥਾਂ ਕੀਤਾ ਜਾਵੇ ਤੇ ਇਹ ਅੰਕੜੇ ਸਭ ਨੂੰ ਮੁਹੱਈਆ ਕਰਵਾਏ ਜਾਣ


ਪੰਜਾਬ ਦੀ ਮਹਾਂਮਾਰੀ ਤੇ ਵਾਤਾਵਰਣੀ ਨਕਸ਼ਾਬੰਦੀ :



ਇਕ ਹੋਰ ਬੇਹੱਦ ਜ਼ਰੂਰੀ ਕੰਮ ਜੋ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਹ ਇਹ ਕਿ ਇਕ ਵਿਸਤ੍ਰਿਤ ਅਧਿਐਨ ਅਤੇ ਭਾਗੀਦਾਰੀ ਮੂਲਕ ਖੋਜ਼ ਰਾਹੀਂ ਵੱਖ-ਵੱਖ ਪ੍ਰਸਾਰਾਂ ਵਾਲੀ  ਵਿਸ਼ਾਲ ਤੇ ਮਹਾਂਮਾਰਗੀ ਤੇ ਵਾਤਾਵਰਣੀ ਨਕਸ਼ਾਬੰਦੀਜਿਸ ਨਾਲ ਮਾੜੀਆਂ ਸਿਹਤ ਹਾਲਤਾਂ ਦੀ ਸਮੱਸਿਆ ਦੀ ਮਾਤਰਾ ਤੇ ਵਿਸ਼ੇਸ਼ਤਾ (ਖਾਸ ਕਰਕੇ ਭੋਜਨ, ਪਾਣੀ ਤੇ ਹਵਾ ਦੇ ਕੀਟਨਾਸ਼ਕਾਂ ਅਤੇ ਖੇਤੀ ਵਿਚ ਵਰਤੇ  ਜਾਣ ਵਾਲੇ ਰਸਾਇਣਕ ਪਦਾਰਥਾਂ ਕਾਰਨ ਹੋਣ ਵਾਲੇ ਹੋਣ ਵਾਲੇ ਪ੍ਰਦੂਸ਼ਨ ਕਰਕੇ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਦੀ ਸਥਿਤੀ) ਦਾ ਅੰਦਾਜ਼ਾ ਲੱਗ ਸਕੇਵਰਤਮਾਨ ਸਮੇਂ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਕਰਕੇ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਜਾਣਕਾਰੀ ਦੇਣ ਲਈ ਕੋਈ ਅੰਕੜੇ ਉਪਲਬਦ ਨਹੀਂ ਹਨ


ਇਸ ਤੋਂ ਬਿਨਾਂ ਇਹ ਉਦਯੋਗ ਬੜੀ ਹੀ ਬੇਸ਼ਰਮੀ ਨਾਲ ਆਪਣਾ ਜ਼ਹਿਰੀਲਾ ਕੂੜਾ ਕਰਕਟ ਪਾਣੀ ਦੇ ਸੋਮਿਆਂ (ਨਦੀਆਂ, ਨਹਿਰਾਂ, ਬਰਸਾਤੀ ਨਾਲਿਆਂ, ਸੀਵਰੇਜ਼ ਅਤੇ ਇਥੋਂ ਕਿ ਟੋਇਆਂ, ਖੂਹਾਂ ਅਤੇ ਟਿਊਬਵੈੱਲਾਂ ਆਦਿ ) ਰਾਹੀਂ ਧਰਤੀ ਹੇਠਲੇ ਪਾਣੀ ਵਿਚ ਸੁੱਟ ਕੇ ਉਸ ਨੂੰ ਜ਼ਹਿਰੀਲਾ ਕਰ ਰਿਹਾ ਹੈ


ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮੁਜ਼ਰਮਾਨਾ ਕੰਮਾਂ ਬਾਰੇ ਅੱਵਲ ਤਾਂ ਕੋਈ ਤਫ਼ਤੀਸ਼ ਨਹੀਂ ਕੀਤੀ ਜਾਂਦੀਜੇ ਕੀਤੀ ਵੀ ਜਾਂਦੀ ਹੈ ਤਾਂ ਬਚਾਅ ਲਈ ਕੋਈ ਕਦਮ ਨਹੀਂ ਚੁੱਕੇ ਜਾਂਦੇਕਾਲੀ ਵੇਈਂ, ਬੁੱਢਾ ਨਾਲਾ, ਸਤਲੁਜ ਦਰਿਆ ਤੇ ਲੁਧਿਆਣੇ ਦੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਬਾਰੇ ਸਾਹਮਣੇ ਆਏ ਤਾਜ਼ਾ ਤੱਥ ਸਭ ਤੇ ਸਾਹਮਣੇ ਹਨਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਪ੍ਰਦੂਸ਼ਨਕਾਰੀ ਉਦਯੋਗਾਂ ਨੇ ਸਾਡੇ ਪਾਣੀ ਦੇ ਸੋਮਿਆਂ ਨੂੰ ਕਿਸ ਤਰ੍ਹਾਂ ਦਾ ਅਤੇ ਕਿਸ ਹੱਦ ਤੱਕ ਨੁਕਸਾਨ ਪਹੁੰਚਾਇਆ ਹੈਅਸੀਂ ਵੀ ਜਾਣਨਾ ਚਹੁੰਦੇ ਹਾਂ ਕਿ ਇਹਨਾਂ ਕੰਮਾਂ ਕਰਕੇ ਕਿਸ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਬਦਕਿਸਮਤੀ ਨਾਲ ਇਹਨਾਂ ਸਬੰਧੀ ਖੋਜ਼ ਜਾਂ ਅੰਕੜੇ ਉਪਲਬਦ ਨਹੀਂ ਹਨਇਹ ਸੱਚ ਹੈ ਕਿ ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਾ ਘਟਣ, ਵੱਖ-ਵੱਖ ਪ੍ਰਕਾਰ ਦੇ ਕੈਂਸਰ ਦੇ ਮਰੀਜ਼ਾਂ ਦੀ ਵਧਦੀ ਗਿਣਤੀ, ਕੁਦਰਤੀ ਗਰਭਪਾਤ ਦੀ ਵਧਦੀ ਦਰ, ਨਵ-ਜਨਮੇ ਬੱਚਿਆਂ ਵਿਚ ਜਨਮ ਸਬੰਧੀ ਅਜੀਬੋ-ਗਰੀਬ ਵਿਕ੍ਰਿਤੀਆਂ ਅਤੇ ਕਈ ਹੋਰ ਬਿਮਾਰੀਆਂ ਇਹਨਾਂ ਜ਼ਹਿਰਾਂ ਦੇ ਪ੍ਰਭਾਵਾਂ ਦਾ ਹੀ ਨਤੀਜ਼ਾ ਹਨ


ਸਿਹਤ ਵਿਭਾਗ ਦਾ ਵੱਖ- ਵੱਖ ਬਿਮਾਰੀਆਂ ਬਾਰੇ ਅੰਕੜੇ ਇਕੱਠੇ ਕਰਨ, ਵਿਵਸਥਤ ਕਰਨ ਅਤੇ ਵਿਸ਼ਲੇਸ਼ਣ ਕਰਨ  ਦਾ ਮੌਜ਼ੂਦਾ ਢਾਂਚਾ ਬਹੁਤ ਹੀ ਮਾੜੀ ਹਾਲਤ ਵਿਚ ਹੈਇਹ ਵੱਖ-ਵੱਖ ਰਸਾਇਣਕ ਜ਼ਹਿਰਾਂ ਦੇ ਜ਼ਹਿਰੀਲੇ ਪ੍ਰਭਾਵ ਕਰਕੇ ਹੋਣ ਵਾਲੀਆਂ ਨਵੀਆਂ ਸਮੱਸਿਆਵਾਂ ਬਾਰੇ ਹੋਰ ਵੀ ਵਧੇਰੇ ਸੱਚ ਹੈਕੀੜੇਮਾਰ ਜ਼ਹਿਰਾਂ ਚੜ੍ਹਨਾ ਬਹੁਤ ਹੀ ਆਮ ਵਰਤਾਰਾ ਹੈਇਸ ਬਾਰੇ ਅੰਕੜੇ ਕੁਝ ਹੱਦ ਤੱਕ ਉਪਲਬਦ ਹਨ, ਪਰ ਇਥੇ ਵੀ ਸਾਹਮਣੇ ਆਏ ਮਾਮਲੇ ਕੁੱਲ ਸਮੱਸਿਆ ਦਾ ਬਹੁਤ ਛੋਟਾ ਹਿੱਸਾ ਹਨਕਾਰਨ ਇਹ ਹੈ ਕਿ ਜ਼ਹਿਰ ਪੀਣ/ਚੜ੍ਹਨ ਨਾਲ ਜੁੜੀ ਹੋਈ ਪੁਲਿਸੀਆ ਖੱਜਲ-ਖੁਆਰੀ ਤੇ ਸਮਾਜਿਕ ਸ਼ਰਮਸਾਰੀ ਕਰਕੇ ਲੋਕ ਇਲਾਜ਼ ਲਈ ਸਰਕਾਰੀ ਹਸਪਤਾਲ ਨਹੀਂ ਜਾਂਦੇਕਿਉਂ ਕਿ ਇਸ ਤਰ੍ਹਾਂ ਮਾਮਲਾ ਪੁਲਿਸ ਕੋਲ ਜਾਣਾ ਲਾਜ਼ਮੀ ਹੁੰਦਾ ਹੈਦੱਸਣਯੋਗ ਹੈ ਕਿ ਵੈਸੇ ਵੀ ਕੁੱਲ ਬੀਮਾਰ ਲੋਕਾਂ ਵਿਚੋਂ ਸਿਰਫ 25% ਹੀ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਕਰਵਾਉਣ ਲਈ ਜਾਂਦੇ ਹਨਨਿੱਜੀ ਹਸਪਤਾਲ ਨਾ ਤਾਂ ਪੁਲਿਸ ਨੂੰ ਤੇ ਨਾ ਹੀ ਸਿਹਤ ਵਿਭਾਗ ਨੂੰ  ਅਜਿਹੇ ਮਾਮਲਿਆਂ ਦੀ ਜਾਣਕਾਰੀ ਦੇ ਰਹੇ ਹਨਜੇ ਮਰੀਜ਼ ਬਚ ਜਾਂਦਾ ਹੈ ਤਾਂ ਠੀਕ, ਜੇ ਮਰ ਜਾਵੇ ਤਾਂ ਚੁੱਪ-ਚੁਪੀਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈਸੁਮੱਚੇ ਮਾਮਲੇ 'ਚ ਗ਼ੌਰਤਬਲ ਪਹਿਲੂ ਹੈ ਕਿ ਇਹ ਨਵੀਆਂ ਸਿਹਤ ਸਮੱਸਿਆਵਾਂ ਹਨ ਜਿੰਨ੍ਹਾਂ ਬਾਰੇ ਡਾਕਟਰਾਂ ਨੂੰ ਸਿਲੇਬਸ ਵਿਚ ਪੜ੍ਹਾਇਆ ਹੀ ਨਹੀਂ ਗਿਆ ਹੁੰਦਾਸਿਹਤ ਕਰਮੀਆਂ ਨੂੰ ਅਜਿਹੀਆਂ ਸਿਹਤ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ, ਇਹਨਾਂ ਦਾ ਇਲਾਜ਼ ਕਰਨ, ਇਹਨਾਂ ਨਾਲ ਨਜਿੱਠਣ ਅਤੇ ਲੋਕਾਂ ਨੂੰ ਇਹਨਾਂ ਤੋਂ ਬਚਾਅ ਦੇ ਤਰੀਕੇ ਵਰਤਣ ਦੀ ਸਿੱਖਿਆ ਦੇਣ ਸਬੰਧੀ ਟੇ੍ਰਨਿੰਗ ਦੇਣ ਦੀ ਤੁਰੰਤ ਲੋੜ ਹੈਇਹ ਤਾਂ ਹੀ ਸੰਭਵ ਹੋਵੇਗਾ ਜੇ ਸਾਡੇ ਡਾਕਟਰ ਇਨ੍ਹਾਂ ਬੀਮਾਰੀਆਂ ਦੀ ਭਿਆਨਕਤਾ ਨੂੰ ਜਾਣਦੇ ਹੋਣਗੇਇਸ ਘਾਟ ਨੂੰ ਪੂਰਾ ਕਰਨ ਲਈ ਸਾਨੂੰ ਲੋਕ ਸਿਹਤ ਮਾਹਿਰਾਂ ਦੀ ਲੋੜ ਹੈ, ਜੋ ਅਜਿਹੀਆਂ ਸਿਹਤ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਸਮਝਦੇ  ਅਤੇ ਮਹਿਸੂਸ ਕਰਦੇ ਹੋਣ  ਮਹਾਂਮਾਰੀ ਵਿਗਿਆਨ ਮਾਹਿਰ ( ਐਪੀਡੀਓਮਿਓਲੋਜਿਸਟ) ਹਰ ਜ਼ਿਲ੍ਹੇ ਵਿਚ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਪੂਰੇ ਸੂਬੇ ਲਈ ਯੋਜਨਾਬੰਦੀ ਕਰਨ ਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਸੂਬਾ ਪੱਧਰ 'ਤੇ ਸੀਨੀਅਰ ਤੇ ਤਜ਼ਰਬੇਕਾਰ ਮਹਾਂਮਾਰੀ ਵਿਗਿਆਨ ਮਾਹਿਰਾਂ ਦੀ ਇਕ ਟੀਮ ਨਿਯੁਕਤ ਕਰਨੀ ਚਾਹੀਦੀ ਹੈਕਿਉਂਕਿ ਰਿਪੋਰਟਾਂ ਮੁਤਾਬਿਕ ਪੰਜਾਬ ਵਿਚ ਤੇ ਖਾਸ ਕਰਕੇ ਨਰਮਾ ਪੱਟੀ ਵਿਚ ਕੈਂਸਰ ਦੇ ਮਾਮਲਿਆਂ ਵਿਚ ਜ਼ਿਕਰਯੋਗ ਵਾਧਾ ਸਾਹਮਣੇ ਆ ਰਿਹਾ ਹੈਸਿਹਤ ਵਿਭਾਗ ਨੂੰ ਜਾਗਰੂਕਤਾ ਲਿਆਉਣੀ ਚਾਹੀਦੀ ਹੈ ਤਾਂ ਕਿ ਕੈਂਸਰ ਦਾ ਆਸਾਨੀ ਨਾਲ ਪਤਾ ਲਾਇਆ ਜਾ ਸਕੇਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਕੈਂਸਰ ਦੀ ਰਜਿਸਟ੍ਰੇਸ਼ਨ ਵੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ 
ਵਾਤਾਵਰਣੀ ਸਿਹਤ ਸ਼ੋਧ ਤੇ ਅਧਿਐਨ ਸੰਸਥਾਨ : ਸਥਿਤੀ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਵਾਤਾਵਰਣ ਕਮਿਸ਼ਨ ਲਈ ਸਹਾਇਕ ਸ਼ੋਧ ਸੈਂਟਰ ਦੇ ਤੌਰ 'ਤੇ ਅਤੇ ਵਾਤਾਵਰਣੀ ਆਡਿਟ, ਅਜਿਹੀਆਂ ਗਤੀਵਿਧੀਆਂ ਲਈ ਵਾਤਾਵਰਣੀ ਸਿਹਤ ਸ਼ੋਧ ਅਤੇ ਅਧਿਐਨ ਸੰਸਥਾ ਦੀ ਸਥਾਪਨਾ ਕੀਤੀ ਜਾਵੇਇਸ ਸੰਸਥਾ ਦਾ ਮੁਖੀ ਅੰਤਰ-ਰਾਸ਼ਟਰੀ ਪੱਧਰ ਦਾ ਵਾਤਾਵਰਣੀ ਮਹਾਂਮਾਰੀ ਵਿਗਿਆਨ ਮਾਹਿਰ ਹੋਣਾ ਚਾਹੀਦਾ ਹੈ ਅਤੇ ਇਸ ਦਾ ਮੁੱਖ ਦਫ਼ਤਰ ਬਠਿੰਡਾ ਵਰਗੇ ਕਿਸੇ ਅਜਿਹੇ ਇਲਾਕੇ ਵਿਚ ਹੋਵੇ ਜਿੱਥੇ ਵਾਤਾਵਰਣੀ ਸਿਹਤ ਵਿਗਾੜਾਂ ਦੀ ਸਮੱਸਿਆ ਵਧੇਰੇ ਗੰਭੀਰ ਹੈਇਸ ਸੰਸਥਾ ਦੇ ਖੇਤਰੀ ਸੈਂਟਰ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਹੋਣ ਜੋ ਵਾਤਾਵਰਣ ਸਿਹਤ ਤੇ ਕਿਸਾਨੀ ਅਧਾਰਤ ਸਾਂਝੇ ਤੌਰ 'ਤੇ ਕੰਮ ਕਰ ਸਕਣ 
ਵਾਤਾਵਰਣ ਸਿਹਤ ਸੰਕਟ ਨਾਲ ਨਜਿੱਠਣ ਲਈ ਟਾਸਕ ਫੋਰਸ :  ਇਸ ਗੰਭੀਰ ਵਾਤਾਵਰਣੀ ਸਿਹਤ ਸੰਕਟ ਨਾਲ  ਨਜਿੱਠਣ ਲਈ ਵੱਡੇ ਪੱਧਰ 'ਤੇ ਲੋਕਾਂ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਾਤਾਵਰਣ ਸਿਹਤ, ਸ਼ੋਧ ਅਤੇ ਅਧਿਐਨ ਸੰਸਥਾ ਅਧੀਨ ਸਵੈਸੇਵੀ ਜਾਂ ਗ਼ੈਰ ਸਰਕਾਰੀ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਵੱਡੀ ਭਾਗੀਦਾਰੀ ਨਾਲ ਵਾਤਾਵਰਣ ਸਿਹਤ ਸੰਕਟ ਨਾਲ ਨਜਿੱਠਣ ਲਈ ਟਾਸਕ ਫੋਰਸ ਦਾ ਗਠਨ ਕਰੇਇਸ ਟਾਸਕ ਫੋਰਸ ਦਾ ਮੁਖੀ ਕੋਈ ਸੀਨੀਅਰ ਮਹਾਂਮਾਰੀ ਵਿਗਿਆਨ ਮਾਹਿਰ ਜਾਂ ਵਾਤਾਵਰਣ ਕਾਰਕੁਨ ਹੋਣਾ ਚਾਹੀਦਾ ਹੈਜਿਸ ਦਾ ਪੱਧਰ ਘੱਟੋ-ਘੱਟ ਸਰਕਾਰ ਦੇ ਸੈਕਟਰੀ ਦੇ ਬਰਾਬਰ ਹੋਵੇਇਸ ਟਾਸਕ ਫੋਰਸ ਵਿਚ ਡਾਕਟਰੀ, ਸਮਾਜਿਕ ਕਾਰਜਕਰਤਾ, ਜੀਵ ਵਿਗਿਆਨ ਦੇ ਅਧਿਆਪਕ, ਕਿਸਾਨ ਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਲੈਣੇ ਚਾਹੀਦਦੇ ਹਨਇਸ ਟਾਸਕ ਫੋਰਸ ਦਾ ਮੁੱਢਲਾ ਕੰਮ ਸੰਕਟ ਗ੍ਰਸਤ ਖੇਤਰਾਂ ਵਿਚ ਰਾਹਤ ਦੀ ਵਿਸਥਾਰਤ ਯੋਜਨਾ ਬਨਾਉਣਾ ਤੇ ਲਾਗੂ ਕਰਨਾ ਹੋਵੇਸਮਾਜ ਦੀ ਸਿਹਤ ਦੀ ਸੰਭਾਲ ਲਈ ਮੈਡੀਕਲ ਭਾਈਚਾਰੇ ਤੇ ਮੈਡੀਕਲ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ 
ਦੱਖਣੀ ਮਾਲਵੇ ਵਿਚ ਕੈਂਸਰ ਹਸਪਤਾਲ ਦੀ ਸਥਾਪਨਾ : ਕਿਉਂਕਿ ਪੰਜਾਬ ਵਿਚ ਕੈਂਸਰ ਇਕ ਵੱਡੀ ਸਮੱਸਿਆ ਦੇ ਰੂਪ ਵਿਚ ਸਾਹਮਣੇ ਆ ਚੁੱਕਿਆ ਹੈ ਇਸ ਕਰਕੇ ਰਾਜ ਅੰਦਰ ਕੈਂਸਰ ਦੀ ਪਛਾਣ ਤੇ ਇਲਾਜ਼ ਕੇਂਦਰਾਂ ਦਾ ਹੋਣਾ ਸਮੇਂ ਦੀ ਲੋੜ ਦੀ ਹੈਸੂਬੇ ਦੇ ਮੈਡੀਕਲ ਕਾਲਜਾਂ ਨੂੰ ਔਨਕੌਲਜੀ (ਕੈਂਸਰ) ਵਿਭਾਗ ਸਥਾਪਤ ਕਰਨ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨਇਸ ਤੋਂ ਇਲਾਵਾ ਮਾਲਵਾ ਖੇਤਰ ਵਿਚ ਕੈਂਸਰ ਮਰੀਜ਼ਾਂ ਦੀ ਉਚੇਚੀ ਸਹੂਲਤ ਲਈ ਕੈਂਸਰ ਹਸਪਤਾਲ ਸਥਾਪਤ ਕਰਨਾ ਸਮੇਂ ਦੀ ਲੋੜ ਹੈਇਸ ਵੇਲੇ ਇਸ ਇਲਾਕੇ ਵਿਚ ਅਜਿਹਾ ਕੋਈ ਹਸਪਤਾਲ ਨਹੀਂ ਹੈਕੈਂਸਰ ਦੇ ਮੁੱਢਲੇ ਇਲਾਜ਼ ਲਈ ਬੀਕਾਨੇਰ ਜਾਂ ਹੋਰ ਦੁਰੇਡੀਆਂ ਥਾਵਾਂ 'ਤੇ ਜਾਣਾ ਪੈਂਦਾ ਹੈਸਰਕਾਰ ਇਸ ਸਬੰਧੀ ਤੁਰੰਤ ਐਲਾਨ ਕਰੇਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਇਸ ਬਾਬਤ ਵਾਅਦਾ ਵੀ ਕੀਤਾ ਸੀਸਮਾਂ ਹੱਥੋਂ ਲੰਘ ਰਿਹਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੇ ਟਿਕਾਊਪਨ ਦੀਆਂ ਆਸਾਂ ਵੀ ਮੱਧਮ ਪੈਂਦੀਆਂ ਜਾ ਰਹੀਆਂ ਹਨਕੀ ਕੋਈ ਪੰਜਾਬ ਦਾ ਪੁੱਤਰ ਇਸ ਚੁਣੌਤੀ ਨੂੰ ਸਵੀਕਾਰ ਕਰਕੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਵੇਗਾ?
 

Friday, October 16, 2009

ਅਜ਼ਾਦੀ ਦੀ ਲੜ੍ਹਾਈ ਦਾ ਅਗਲਾ ਪੜਾਅ

ਕੁਦਰਤੀ ਸੋਮਿਆਂ 'ਤੇ ਲੋਕਾਂ ਦੀ ਖੁਦਮੁ ਖਤਾਰੀ ਅਤੇ ਕੁਦਰਤੀ ਵਿਰਾਸਤ ਦੀ ਰੱਖਿਆ ਲਈ ਲੋਕ ਲਹਿਰ ਸਿਰਜੋ

ਅਜਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਭਾਰਤੀਆਂ ਨੇ ਅਜ਼ਾਦੀ ਲਈ ਲੰਮੀ ਘਾਲਣਾ ਘਾਲੀ ਹੈ। 1757 ਵਿਚ ਵਪਾਰਕ ਕੰਪਨੀ ਦੁਆਰਾ ਭਾਰਤੀਆਂ ਤੋਂ ਧੋਖੇ ਨਾਲ ਰਾਜ ਪ੍ਰਬੰਧ ਖੋਹ ਲੈਣ ਬਾਅਦ ਭਾਰਤੀ ਕਾਰੀਗਰਾਂ, ਕਿਸਾਨਾਂ ਤੇ ਵਪਾਰੀਆਂ ਲਈ ਵਿਆਪਕ ਬਰਬਾਦੀ ਦਾ ਯੁੱਗ ਸ਼ੁਰੂ ਹੋਇਆ, ਜਿਸ ਦੇ ਵਿਰੋਧ ਵਿਚ 100 ਸਾਲ ਦੇ ਸੰਘਰਸ਼ ਬਾਅਦ 1857 ਵਿਚ ਇਕ ਵਿਸ਼ਾਲ ਲੋਕ ਏਕਤਾ ਨਾਲ ਅਜ਼ਾਦੀ ਲਈ ਹੰਭਲਾ ਮਾਰਿਆ ਗਿਆ। ਅਜ਼ਾਦੀ ਜਿੱਥੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਦੀ ਕੋਸ਼ਿਸ਼ ਸੀ, ਉਥੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪਣੀ ਯੁੱਗਾਂ ਤੋਂ ਇਕੱਤਰ ਕੀਤੀ ਸਿਆਣਪ ਤੇ ਨਵੇਂ ਗਿਆਨ ਦੀ ਮਦਦ ਨਾਲ ਹੱਲ ਕਰਨ ਦੀ ਪ੍ਰਤਿੱਗਿਆ ਵੀ ਸੀ। ਇਸੇ ਕਰਕੇ 1907 ਵਿਚ ਖਟਕੜ ਕਲਾਂ ਦੇ ਜੰਮਪਲ, ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਦੂਸਰੇ ਦੇਸ਼ ਭਗਤਾਂ ਨਾਲ ਰਲ ਕੇ ਅੰਗਰੇਜ ਰਾਜ ਨੂੰ ਵੰਗਾਰਦੇ ਹੋਏ 'ਪਗੜੀ ਸੰਭਾਲ ਜੱਟਾ' ਦਾ ਸੰਦੇਸ਼ ਦਿੱਤਾ ਸੀ । ਇਹ ਅਜ਼ਾਦੀ ਦਾ ਦੂਸਰਾ ਦੌਰ ਸੀ। ਜਿਸ ਦੇ ਨਤੀਜੇ ਵਜੋਂ 1947 ਵਿਚ ਅੰਗਰੇਜ ਭਾਰਤ ਛੱਡ ਗਏ। ਹੁਣ ਜਦ ਅੰਗਰੇਜ ਨੂੰ ਭਾਰਤ ਛੱਡਿਆਂ 60 ਸਾਲ ਬੀਤ ਗਏ ਹਨ ਤਾਂ ਵੀ 80 ਫੀਸਦੀ ਲੋਕ ਭੁੱਖ ਮਰੀ ਦੇ ਸ਼ਿਕਾਰ ਹਨ ਕਿਉਂ? 70 ਫੀਸਦੀ ਲੋਕਾਂ ਦੇ ਜੀਵਨ ਦਾ ਅਧਾਰ ਧਰਤੀ ਬੰਜਰ ਕਿਉਂ ਹੁੰਦੀ ਜਾ ਰਹੀ ਹੈ ? ਪਾਣੀ ਕਿਉਂ  ਮੁੱਕਦਾ ਜਾ ਰਿਹਾ ਹੈ, ਕੱਲ੍ਹ ਜੋ ਇੱਜ਼ਤ, ਸਵੈਮਾਨ ਦੀ ਲੜਾਈ ਸੀ-ਅੱਜ ਜੀਵਨ ਦੀ ਲੜ੍ਹਾਈ ਬਣ ਗਈ ਹੈ।  ਧਰਤੀ, ਪਾਣੀ, ਬੀਜ ਬਚਾਉਣ ਦੀ ਲੜਾਈ।

ਹੁਣ ਪੱਗੜੀ ਦੀ ਲਾਜ ਤਾਂ ਹੀ ਬਚੇਗੀ ਜੇ ਅਸੀਂ ਕੁਦਰਤੀ ਸੋਮਿਆਂ ਅਤੇ ਵਾਤਾਵਰਣ ਨਾਲ ਜੁੜੇ ਵਿਰਾਸਤੀ ਗਿਆਨ ਦੀ ਰੱਖਿਆ ਕਰਦੇ ਹੋਏ ਇਸ ਨੂੰ ਹੋਰ ਵਿਕਸਤ ਕਰਾਂਗੇ। ਆਪਣੀ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਸ਼ਹੀਦ-ਇਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਅੰਗਰੇਜ ਗਵਰਨਰ ਨੂੰ ਲਿਖੀ ਚਿੱਠੀ ਵਿਚ ਕਿਹਾ ਸੀ,'ਜਦੋਂ ਤੱਕ ਲੋਕਾਂ ਦੀ ਮਿਹਨਤ ਅਤੇ ਕੁਦਰਤੀ ਸੋਮਿਆਂ ਦੀ ਲੁੱਟ ਜਾਰੀ ਰਹੇਗੀ, ਅਜ਼ਾਦੀ ਦਾ ਸੰਘਰਸ਼ ਚਲਦਾ ਰਹੇਗਾ।'

ਅੱਜ ਸੰਨ 2008 ਵਿਚ ਅਸੀਂ ਏਸੇ ਅਜ਼ਾਦੀ ਸੰਘਰਸ਼ ਨੂੰ ਅਗੇ ਵਧਾਉਣ ਦਾ ਹੀਲਾ ਕਰ ਰਹੇ ਹਾਂ।
ਪਿਛਲੇ ਪੰਜ ਦਹਾਕਿਆਂ ਦੌਰਾਨ ਖੜ੍ਹੇ ਕੀਤੇ ਗਏ ਵਿਕਾਸ ਅਤੇ ਖੇਤੀ ਦੇ ਅਖੌਤੀ ਆਧੁਨਿਕ ਮਾਡਲ ਨੇ ਕਿਸਾਨ ਤੋਂ ਉਸ ਦੇ ਕੁਦਰਤੀ ਸੋਮੇਂ ਜਾਂ ਤਾ ਖੋਹ ਲਏ ਹਨ ਜਾਂ ਫਿਰ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।

ਨਵੀਂ ਗ਼ੁਲਾਮੀ ਦਾ ਆਗ਼ਾਜ਼
ਕੁਦਰਤੀ ਸੋਮਿਆਂ ਦੀ ਇਹ ਬਰਬਾਦੀ ਇੱਕ ਨਵੀਂ ਗੁਲਾਮੀ ਦਾ ਸ਼ੁਰੂਆਤ ਹੈ। ਇੱਕ ਨਵੀਂ ਤਰ੍ਹਾਂ ਦੀ ਲੁੱਟ ਆਮ ਵਰਤਾਰਾ ਹੋ ਗਿਆ ਹੈ। ਇਹ ਲੁੱਟ ਕਿਸਾਨ ਦੀ ਵੀ ਹੈ ਤੇ ਕੁਦਰਤ ਦੀ ਵੀ। ਵਿਕਾਸ ਦੇ ਨਵੇਂ ਰਸਤੇ ਨੇ ਮਨੁੱਖ ਨੂੰ ਕੁਦਰਤ ਦੇ ਖਿਲਾਫ ਖੜ੍ਹਾ ਕਰ ਦਿੱਤਾ ਹੈ । ਹੁਣ ਕੁਦਰਤ 'ਤੇ ਕਬਜਾ ਕਰਕੇ; ਕੁਦਰਤ ਨੂੰ ਨੱਥ ਕੇ, ਉਸ ਤੋਂ ਆਪਣੀ ਹਵਸ ਪੂਰੀ ਕਰਵਾਉਣ ਦਾ ਜਨੂਨ ਇਨਸਾਨ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । 'ਪਵਨੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਕਹਿਣ ਵਾਲਾ ਸਮਾਜ ਆਪਣੀਆਂ ਮਹਾਨ ਕਦਰਾਂ ਕੀਮਤਾਂ ਤੋਂ ਬੇਮੁੱਖ ਹੋ ਗਿਆ ਹੈ। ਉਸ ਨੇ ਕੁਦਰਤ ਨਾਲ ਆਪਣੇ ਰਿਸ਼ਤੇ ਨੂੰ ਦਾਗਦਾਰ ਹੀ ਨਹੀਂ ਕੀਤਾ ਸਗੋਂ ਕੁਦਰਤ ਦੀਆਂ ਅਨੇਕਾਂ ਅਮੁੱਲ ਨਿਆਮਤਾਂ ਤੋਂ ਵਾਂਝਾ ਵੀ ਹੋ ਚੁੱਕਿਆ ਹੈ। ਅੱਜ ਅਸੀਂ ਸਾਫ ਪਾਣੀ ਨੂੰ ਤਰਸਦੇ ਹਾਂ, ਸ਼ੁੱਧ ਹਵਾ ਲਈ ਤੜਪਦੇ ਹਾਂ ਅਤੇ ਹਰਿਆਵਲੀ ਧਰਤੀ ਦੇਖਣ ਲਈ ਕਿਤੇ ਦੂਰ ਦੂਰ ਦੌੜਦੇ ਹਾਂ। ਅਸੀਂ ਅੱਜ ਜੰਗਲਾਂ ਤੋਂ ਸੱਖਣੇ ਹੋ ਗਏ ਹਾਂ, ਪਸ਼ੂ ਪੰਛੀ ਸਾਡੇ ਨਾਲ ਰੁੱਸ ਗਏ ਹਨ। ਅਸੀਂ ਕੁਦਰਤ ਦੀਆਂ ਬਖ਼ਸ਼ੀਆਂ ਦਾਤਾਂ ਦਾ ਮਾਣ ਨਹੀਂ ਰੱਖ ਸਕੇ ਤੇ ਹੁਣ ਉਸਦਾ ਸੰਤਾਪ ਭੋਗਣ ਲਈ ਮਜ਼ਬੂਰ ਹਾਂ। ਕੁਦਰਤ ਵਿਚ ਪੈਦਾ ਹੋਇਆ ਅਸੰਤੁਲਨ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇਕ ਘੋਰ ਸੰਕਟ ਦਾ ਰੂਪ ਅਖਤਿਆਰ ਕਰ ਚੁੱਕਿਆ ਹੈ। ਕੁਦਰਤ ਦੇ ਇਸ ਅਸੰਤੁਲਨ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਂਦਾ ਹੈ ਜਦੋਂ ਕੁਦਰਤੀ ਸੋਮਿਆਂ ਨੂੰ ਬਾਜ਼ਾਰ ਦੀ 'ਵਸਤ' ਜਾਂ ਬਾਜ਼ਾਰ ਦਾ ਹਿੱਸਾ ਬਣਾ ਦਿੱਤਾ ਜਾਂਦਾ ਹੈ। ਅੱਜ ਬੀਜਾਂ 'ਤੇ ਮਲਿਕ ਭਾਗੋ ਦਾ ਕਬਜਾ ਹੈ ਅਤੇ ਪਾਣੀ 'ਤੇ ਵਲੀ ਕੰਧਾਰੀ ਕਾਬਿਜ ਹੋਏ ਬੈਠੇ ਹਨ।

ਨਵੇਂ ਢੰਗ ਦੀ ਆਰਥਿਕ ਰਚਨਾ ਨੇ ਕੁਦਰਤੀ ਸੋਮਿਆਂ ਨੂੰ ਆਮ ਆਦਮੀ ਦੇ ਹੱਥੋਂ ਖੋਹ ਕੇ ਉਨ੍ਹਾਂ ਦੀ ਤਿਜ਼ਾਰਤ ਕਰਨ ਵਾਲਿਆਂ ਦੇ ਹੱਥੀਂ ਸੌਂਪ ਦਿੱਤਾ ਹੈ। ਅਸੀਂ ਜਦੋਂ ਕੁਦਰਤੀ ਸੋਮਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਤਿੰਨ ਮੁੱਢਲੀਆਂ ਚੀਜ਼ਾਂ 'ਤੇ ਕੇਂਦਰਤ ਹੁੰਦੀ ਹੈ-ਜਿੰਨ੍ਹਾਂ ਨੂੰ ਅਸੀਂ ਆਪਾਣੇ ਹੱਥੀਂ ਵੀ ਖੂਬ ਬਰਬਾਦ ਕੀਤਾ ਹੈ ਅਤੇ ਜਿੰਨ੍ਹਾਂ 'ਤੇ ਬਾਜ਼ਾਰ ਦਾ ਹਮਲਾ ਵੀ ਬਹੁਤ ਤੇਜੀ ਨਾਲ ਹੋਇਆ ਹੈ। ਇਹ ਹਨ-ਬੀਜ, ਪਾਣੀ ਅਤੇ ਕੁਦਰਤੀ ਵੰਨ-ਸੁਵੰਤਨਤਾ। 

ਬੀਜਾਂ ਰਾਹੀਂ ਗ਼ੁਲਾਮ ਬਣਾਉਣ ਦਾ ਮਨਸੂਬਾ
ਬੀਜ ਕਿਸੇ ਵੀ ਦੇਸ਼ ਦੀ ਖੇਤੀ ਦਾ ਮੁੱਖ ਧੁਰਾ ਹੁੰਦੇ ਹਨ। ਸਾਡੇ ਦੇਸ਼ ਵਿਚ ਸਦੀਆਂ ਤੋਂ ਬੀਜ ਕਿਸਾਨ ਦੀ ਵਿਰਾਸਤ ਦਾ ਹਿੱਸਾ ਰਹੇ ਹਨ। ਬੀਜ ਕਿਸੇ ਵੀ ਦੇਸ਼ ਦੀ ਅੰਨ ਸੁਰੱਖਿਆ ਦਾ ਵੀ ਮੁੱਢਲਾ ਅਧਾਰ ਹੁੰਦੇ ਹਨ। ਤਾਜਾ ਹਾਲਾਤ ਇਹ ਹਨ ਕਿ ਹਰੀ ਕਰਾਂਤੀ ਦੇ ਝਾਂਸੇ ਵਿੱਚ ਆ ਅਸੀਂ ਆਪਣੇ ਰਵਾਇਤੀ ਬੀਜਾਂ ਨੂੰ ਬਾਜ਼ਾਰ ਮੁੱਖੀ ਖੇਤੀ ਦੀ ਭੇਂਟ ਚੜ੍ਹਾ ਚੁੱਕੇ ਹਾਂ। ਕਦੇ ਸਾਡੇ ਕੋਲ ਭਿੰਨ-ਭਿੰਨ ਫਸਲਾਂ ਦੇ ਹਜ਼ਾਰਾਂ ਕਿਸਮਾਂ ਦੇ ਬੀਜ ਉਪਲਭਧ ਸਨ ਜਿਹੜੇ ਕਿ ਅੱਜ ਉੰਗਲਾਂ ਦੇ ਪੋਟਿਆਂ 'ਤੇ ਗਿਣਨਯੋਗ ਹੀ ਰਹਿ ਗਏ ਹਨ। ਏਨਾਂ ਹੀ ਨਹੀਂ ਬੀਜਾਂ ਦੇ ਦੇ ਮਾਮਲੇ 'ਚ ਸਾਡੀ ਬਚੀ ਖੁਚੀ ਆਜ਼ਾਦੀ ਨੂੰ ਵੀ ਸਿਰੇ ਤੋਂ ਖਤਮ ਕਰਨ ਲਈ ਸਾਡੇ ਖੇਤਾਂ ਵਿੱਚ ਬੀਟੀ/ ਜੀ ਐਮ ਬੀਜਾਂ ਦੀ ਘੁਸਪੈਠ ਲਈ ਜਿੱਥੇ ਰਾਸਤਾ ਸਾਫ ਕੀਤਾ ਜਾ ਰਿਹਾ ਹੈ ਉਥੇ ਹੀ ਨਰਮੇਂ/ ਕਪਾਹ ਦੀ ਬੀਟੀ ਫਸਲ ਦੇ ਰੂਪ 'ਚ ਸਾਡੀ ਬਰਬਾਦੀ ਦੇ ਬੀਜ ਪੁੰਗਰ ਵੀ ਚੁੱਕੇ।

ਬੀਟੀ ਬੀਜਾਂ ਦਾ ਤੇਂਦੂਆ ਜਾਲ
ਹੁਣ ਸਭ ਤੋਂ ਵੱਡਾ ਖਤਰਾ ਜੋ ਸਾਡੇ 'ਤੇ ਮੰਡਰਾ ਰਿਹਾ ਹੈ ਉਹ ਹੈ ਸਾਡੀ ਥਾਲੀ ਵਿਚ ਜ਼ਬਰਦਸਤੀ ਪਰੋਸਿਆ ਜਾਣ ਵਾਲਾ ਬੀ.ਟੀ. ਬੈਂਗਣ ਅਤੇ ਇਸ ਵਰਗੀਆਂ ਹੋਰ ਅਨੇਕਾਂ ਖੁਰਾਕੀ ਫਸਲਾਂ। ਬਹੁਕੌਮੀ ਕੰਪਨੀਆਂ ਵੱਲੋਂ ਲਿਆਂਦੇ ਜਾ ਰਹੇ ਇਹ ਬੀਟੀ/ਜੀ.ਐੱਮ ਬੀਜ, ਸਾਡੇ ਆਪਣੇ ਬੀਜਾਂ ਦੀ ਬਰਬਾਦੀ ਦਾ ਸਭ ਤੋਂ ਭਿਆਨਕ ਪਹਿਲੂ ਹਨ। ਇਨ੍ਹਾਂ ਬੀਜਾਂ ਨੂੰ ਤਿਆਰ ਕਰਨ ਦਾ ਢੰਗ ਹੱਦ ਦਰਜੇ ਦਾ ਕੁਦਰਤ ਵਿਰੋਧੀ ਹੈ। ਇਸ ਤਕਨੀਕ ਨਾਲ ਪੈਦਾ ਕੀਤੇ ਬੀਜ ਕੁਦਰਤ, ਵਾਤਾਵਰਣ ਤੇ ਪ੍ਰਾਣੀਆਂ ਦੀਆਂ ਸਿਹਤਾਂ ਲਈ ਵਿਨਾਸ਼ਕਾਰੀ ਸਾਬਤ ਹੋਣ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਬੀਜਾਂ ਬਾਰੇ ਬੜੀਆਂ ਵੱਡੀਆਂ ਵੱਡੀਆ ਫੜ੍ਹਾਂ ਮਾਰੀਆਂ ਜਾਂਦੀਆਂ ਰਹੀਆਂ ਹਨ ਕਿ ਇਨ੍ਹਾਂ ਫਸਲਾਂ ਉਪਰ ਕੀਟਨਾਸ਼ਕਾਂ ਦੀ ਵਰਤੋਂ ਉੱਕੀ ਨਹੀਂ ਕਰਨੀ ਪਵੇਗੀ। ਇਹ ਗੱਲ ਵੀ ਕੋਰਾ ਝੂਠ ਸਾਬਿਤ ਹੋ ਰਹੀ ਹੈ। ਜੀ.ਐੱਮ. ਬੀਜ, ਕੰਪਨੀਆਂ ਵੱਲੋਂ ਕਿਸਾਨਾਂ ਦੀ ਲੁੱਟ ਕਰਨ ਦਾ ਮੁੱਖ 'ਹਥਿਆਰ' ਬਣ ਰਹੇ ਹਨ। ਕੰਪਨੀਆਂ ਇਨ੍ਹਾਂ ਬੀਜਾਂ ਤੋਂ ਕਮਾਏ ਅੰਨ੍ਹੇ ਮੁਨਾਫ਼ੇ ਦੇ ਬਲ ਨਾਲ ਸਾਡੇ ਖਾਥ ਅਦਾਰਿਆਂ ਦੇ ਅਨੇਕਾਂ ਵਿਗਿਆਨੀਆਂ ਨੂੰ ਆਪਣੇ ਨਾਲ ਰਲਾਉਣ ਵਿਚ ਕਾਮਯਾਬ ਹੋ ਗਏ ਹਨ। ਸਿੱਟੇ ਵਜੋਂ ਅਜਿਹੇ ਖੇਤੀ ਵਿਗਿਆਨੀ ਇਨ੍ਹਾਂ ਬੀਜਾਂ ਦੇ ਸਾਰੇ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਕੇ ਇਨ੍ਹਾਂ ਦਾ ਅੰਨ੍ਹੇਵਾਹ ਗੁਣ-ਗਾਣ ਕਰੀ ਜਾ ਰਹੇ ਹਨ। ਅਜਿਹੀ ਹਾਲਤ ਵਿਚ ਹੁਣ ਸਾਰੀਆਂ ਲੋਕ ਹਿੱਤੂ, ਕੁਦਰਤ ਪੱਖੀ ਤੇ ਕਿਸਾਨ ਹਿਤੈਸ਼ੀ ਤਾਕਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਨ੍ਹਾਂ ਬੀਜਾਂ ਦਾ ਖੁੱਲ੍ਹਾ ਵਿਰੋਧ ਕਰਨ ਲਈ ਚੇਤਨਾ ਤੇ ਜਥੇਬੰਦਕ ਤਾਕਤ ਖੜ੍ਹੀ ਕਰਨ। ਇਥੇ ਇਹ ਸਮਝਣਾ ਬਹੁਤ ਲਾਜ਼ਮੀ ਹੈ ਕਿ ਬੀਟੀ ਬੀਜ ਆਖ਼ਿਰ ਹੈ ਕੀ ? ਇਹਦਾ ਕੀ ਨਫਾ -ਨੁਕਸਾਨ ਹੈ? ਅੱਜ ਦੇਸ਼ ਅੰਦਰ ਇਨ੍ਹਾਂ ਬੀਜਾਂ ਵਿਰੁੱਧ ਲੋਕ ਲਹਿਰ ਕਿਉਂ ਖੜ੍ਹੀ ਹੋ ਰਹੀ ਹੈ?

ਬੀਟੀ ਬੀਜ ਅਸਲ ਵਿਚ ਜੀ.ਐੱਮ. ਤਕਨੀਕ ਦੀ ਕਾਢ ਹਨ। ਇਸ ਤਹਿਤ ਇਕ ਪੌਦੇ, ਜਾਨਵਰਾਂ ਦਾ ਜੀਨ ਇਕ ਦੂਜੇ ਵਿਚ ਤਬਦੀਲ ਕੀਤਾ ਜਾਂਦਾ ਹੈ। ਜਿਹੜਾ ਕਿ ਅਸਲੋਂ ਹੀ ਗੈਰਕੁਦਰਤੀ ਵਰਤਾਰਾ ਹੈ। ਇਸ ਦਾ ਮੁੱਖ ਮੰਤਵ ਪੌਦਿਆਂ ਅੰਦਰ ਕੋਈ ਖਾਸ ਗੁਣ ਪੈਦਾ ਕਰਨਾ ਹੈ। ਬੀ.ਟੀ. ਨਰਮੇ ਦੇ ਮਾਮਲੇ ਵਿਚ ਬੈਸੀਲਿਸ ਥੁਰੈਂਜਿਸ ਨਾਂਅ ਦੇ ਬੈਕਟੀਰੀਆ ਵਿਚੋਂ ਕੱਢਿਆ ਗਿਆ ਕਰਾਈ-ਵਨ ਏਸੀ ਟਾਕਸਿਨ (ਜ਼ਹਿਰ) ਪੈਦਾ ਕਰਨ ਵਾਲਾ ਜੀਨ ਨਰਮੇ ਦੇ ਪੌਦੇ ਵਿਚ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਨਰਮੇ ਦੇ ਪੌਦੇ ਦੇ ਹਰ ਭਾਗ ਵਿਚ ਜ਼ਹਿਰ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਕੰਪਨੀ ਦਾ ਦਾਅਵਾ ਸੀ ਕਿ ਇਸ ਦੇ ਪੱਤੇ ਖਾ ਕੇ ਕੀੜੇ ਮਰ ਜਾਣਗੇ ਜਿਸ ਕਰਕੇ ਫਸਲ ਕੀੜਿਆਂ ਤੋਂ ਮੁਕਤ ਰਹੇਗੀ, ਕਿਸਾਨਾਂ ਨੂੰ ਕੀੜੇਮਾਰ ਜ਼ਹਿਰਾਂ ਦਾ ਛਿੜਕਾਅ ਨਹੀਂ ਕਰਨਾ ਪਵੇਗਾ। ਪਰ ਕੰਪਨੀ ਦਾ ਇਹ ਦਾਅਵਾ ਉੱਕਾ ਹੀ ਗਲਤ ਸਾਬਿਤ ਹੋਇਆ। ਦੁਨੀਆਂ ਭਰ ਵਿੱਚ ਕੀਤੇ ਗਏ ਅਧਿਐਨਾਂ ਤੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਜਿੱਥੈ ਅਮਰੀਕਨ ਸੁੰਡੀ ਨੇ ਬੀਟੀ ਨਰਮੇਂ ਖਿਲਾਫ਼ ਪ੍ਰਤੀਰੋਧੀ ਤਾਕਤ ਹਾਸਿਲ ਕਰ ਲਈ ਹੈ ਊੱਥੇ ਹੀ ਤੇਲੇ ਚੇਪੇ ਅਤੇ ਤੰਬਾਕੂ ਦੀ ਸੁੰਡੀ ਵਰਗੇ ਘੱਟ ਨੁਕਸਾਨ ਕਰਨ ਵਾਲੇ ਕੀੜੈ ਵਧੇਰੇ ਤਾਕਤਵਰ ਹੋ ਕੇ ਨਰਮਾਂ ਉਤਪਾਦਕ ਕਿਸਾਨਾਂ ਲਈ ਨਵੀਂ ਮੁਸੀਬਤ ਗਏ ਹਨ । ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਬੀਜ ਬੀਜਣ ਉਪਰੰਤ ਵੀ ਟਰੈਸਰ ਵਰਗੇ ਮਹਿੰਗੇ ਕੀਟਨਾਸ਼ਕ ਛਿੜਕਣੇ ਪਏ। ਇਹ ਵੀ ਦੱਸਣਯੋਗ ਹੈ ਕਿ ਹਰੀਕ੍ਰਾਂਤੀ ਦੇ ਨਾਂਅ 'ਤੇ ਦਿੱਤੇ ਗਏ ਕਥਿਤ ਸੁਧਰੇ ਬੀਜ ਆਮ ਦੇਸੀ ਬੀਜਾਂ ਨਾਲੋਂ ਕਈ ਗੁਣਾਂ ਵੱਧ ਪਾਣੀ ਮੰਗਦੇ ਹਨ, ਅਤੇ ਬੀਟੀ ਬੀਜ ਇਸ ਮਾਮਲੇ ਵਿਚ ਇਨ੍ਹਾਂ ਤੋਂ ਵੀ ਜ਼ਿਆਦਾ ਪਾਣੀ ਦੀ ਖਪਤ ਕਰਦੇ ਹਨ। ਇਸ ਕਰਕੇ ਪਾਣੀ ਸੰਕਟ ਨੂੰ ਹੋਰ ਗੰਭੀਰ ਕਰਨ ਵਿਚ ਇਨ੍ਹਾਂ ਬੀਜਾਂ ਦਾ ਵੀ ਵੱਡਾ ਯੋਗਦਾਨ ਹੈ।

ਬਹੁਕੌਮੀ ਕੰਪਨੀਆਂ ਦੀ ਲੁੱਟ
ਅਸਲ ਵਿਚ ਇਹ ਸਾਰੀ ਖੇਡ ਇੱਕ ਗਿਣੀ-ਮਿਥੀ ਸ਼ਾਜਿਸ਼ ਦਾ ਨਤੀਜ਼ਾ ਹੈ ਤੇ ਉਹ ਸ਼ਾਜਿਸ਼ ਹੈ ਭਾਰਤੀ ਖੇਤੀ 'ਤੇ ਕਬਜ਼ਾ ਕਰਨ ਦੀ। ਇਥੋਂ ਦੇ ਕਿਸਾਨਾਂ ਦੇ ਰਵਾਇਤੀ ਗਿਆਨ, ਦੇਸੀ ਬੀਜਾਂ, ਦੇਸੀ ਪਸ਼ੂ ਧਨ ਅਤੇ ਕੁਦਰਤੀ ਸੋਮਿਆਂ 'ਤੇ ਆਪਣਾ ਅਧਿਕਾਰ ਜਮਾ ਕੇ ਉਨ੍ਹਾਂ ਦੀ ਖੇਤੀ ਨੂੰ ਸਾਮਰਾਜੀ ਤਾਕਤਾਂ ਅਤੇ ਬਹੁਕੌਮੀ ਕੰਪਨੀਆਂ ਦੀ ਗੁਲਾਮ ਬਣਾਂਉਣ ਦੀ। ਜੇਕਰ ਅਸੀਂ ਥੋੜਾ ਜਿਹਾ ਵੀ ਧਿਆਨ ਨਾਲ ਦੇਖੀਏ ਤਾਂ ਇਸ ਵੇਲੇ ਖੇਤੀ ਵਿਚ ਇਸਤੇਮਾਲ ਹੋਣ ਵਾਲੇ ਰਸਾਇਣਾਂ, ਖਾਦਾਂ ਅਤੇ ਬੀਜਾਂ 'ਤੇ ਪੱਛਮੀਂ ਕੰਪਨੀਆਂ ਦ ਏਕਾਧਿਕਾਰ ਸਥਾਪਿਤ ਹੋ ਰਿਹਾ ਹੈ। ਦੁਨੀਆਂ ਭਰ ਦਾ 73 ਪ੍ਰਤੀਸ਼ਤ ਕੀਟਨਾਸ਼ਕ ਤੇ 30 ਬੀਜ ਵਪਾਰ ਇਨ੍ਹਾਂ ਮੁੱਠੀ ਭਰ ਬਹੁਕੌਮੀ ਕੰਪਨੀਆਂ ਮੌਨਸਾਂਤੋ, ਡੂਪੋਂਟ, ਕਾਰਗਿਲ, ਬਾਇਰ, ਨੋਵਾਰਿਟਸ, ਡੀਨੋਸਿਲ, ਗਰੁਪੇਲੀਮੇਗਰਿਨ ਆਦਿ ਦੇ ਹੱਥਾਂ ਵਿਚ ਜਾ ਚੁੱਕਿਆ ਹੈ।
ਮੌਨਸੈਂਟੋ, ਮਹੀਕੋ ਵਰਗੀਆਂ ਦੁਨੀਆਂ ਭਰ ਦੀਆਂ ਅਨੇਕਾਂ ਛੋਟੀਆਂ ਬੀਜ ਕੰਪਨੀਆਂ ਨੂੰ ਧੜ੍ਹਾਧੜ੍ਹ ਖਰੀਦ ਕੇ ਆਪਣੇ ਸਾਮਰਾਜ ਦਾ ਵਿਸਥਾਰ ਕਰ ਰਹੀ ਹੈ। ਇਹ ਕੰਪਨੀ ਅਸਲ ਵਿਚ ਰਸਾਇਣਕ ਹਥਿਆਰ ਬਣਾਉਣ ਵਾਲੀ ਕੰਪਨੀ ਸੀ, ਅਮਰੀਕਾ ਵੱਲੋਂ ਵੀਅਤਨਾਮ ਵਿਚ ਵਰਤੇ ਗਏ ਰਸਾਇਣਕ ਹਥਿਆਰ ਏਜੰਟ ਔਰੇਂਜ (2-4ਡੀ ਔਰਗੈਨੋਫਾਸ) ਇਸੇ ਮੋਨਸੈਂਟੋ ਕੰਪਨੀ ਦੁਆਰਾ ਬਣਾਏ ਗਏ ਸਨ। ਉਸੇ ਰਸਾਇਣ ਨੂੰ ਹੁਣ ਇਹ ਕੰਪਨੀ ਰਾਊਂਡਅੱਪ ਦੇ ਨਾਂਅ ਥੱਲੇ ਖੇਤੀ ਲਈ ਕਿਸਾਨਾਂ ਕੋਲ ਵੇਚ ਰਹੀ ਹੈ। ਰਸਾਇਣਾਂ ਤੋਂ ਬਾਅਦ ਇਹ ਕੰਪਨੀ ਹੁਣ ਬੀਜ ਵਪਾਰ 'ਤੇ ਅੱਖ ਟਿਕਾਈ ਬੈਠੀ ਹੈ ਤੇ ਇਸ ਖੇਤਰ ਵਿਚ ਆਪਣੀ ਸਰਦਾਰੀ ਕਾਇਮ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ।

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਬੀਟੀ ਨਰਮੇ ਦਾ ਖਾਸਾ ਬੋਲ ਬਾਲਾ ਹੈ। ਇਹ ਬੀਜ ਵੀ ਮੋਨਸੈਂਟੋ ਦਾ ਹੀ ਪੇਟੇਂਟ ਹੈ। ਮੋਨਸੈਂਟੋ ਨੇ ਭਾਰਤੀ ਬੀਜ ਕੰਪਨੀ ਮਾਹੀਕੋ ਨੂੰ ਖਰੀਦਣ ਤੋਂ ਬਾਅਦ ਭਾਰਤ ਵਿਚ ਬੀਜ ਵਪਾਰ ਵਿਚ ਪ੍ਰਵੇਸ਼ ਕੀਤਾ। ਬੀ.ਟੀ. ਬੀਜਾਂ ਦੇ ਨਾਂਅ 'ਤੇ ਭਾਰਤੀ ਕਿਸਾਨਾਂ ਨੂੰ ਰੱਜ ਕੇ ਲੁੱਟਿਆ ਗਿਆ ਹੈ। ਪਹਿਲੇ ਸਾਲ ਇਹ ਬੀਜ 1700 ਰੁ ਪਏ ਪ੍ਰਤੀ ਬੈਗ (450ਗ੍ਰਾਮ) ਦੇ ਭਾਅ ਵੇਚਿਆ ਗਿਆ। ਇਸ ਵਿਚ 1300 ਰੁਪਏ ਮਾਹੀਕੋ ਦੀ ਰਾਇਲਟੀ ਸੀ। ਬਾਅਦ ਵਿਚ ਆਂਧਰਾ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ਦੇ ਕਿਸਾਨਾਂ ਦੇ ਵਿਰੋਧ ਕਰਕੇ ਮੋਨਸੈਂਟੋ ਨੇ ਬੀਜ ਦਾ ਭਾਅ ਘਟਾ ਦਿੱਤਾ। ਪਰ ਇਹ ਨਿਰਾ ਛਲਾਵਾ ਸੀ, ਕਿਉਂਕਿ ਹੁਣ ਕੰਪਨੀ ਨੇ ਬੀਜ ਦੁੱਗਣਾ ਵਰਤਣ ਦੀ ਸਲਾਹ ਦਿੱਤੀ ਹੈ। ਕਿਸਾਨ ਦੀ ਲੁੱਟ ਜਾਰੀ ਹੈ। ਆਪਣੀ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਕੁਦਰਤ ਦੇ ਪੱਖ ਵਿਚ ਬੀਟੀ ਬੈਂਗਣ ਤੇ ਇਸ ਵਰਗੀਆਂ ਹੋਰ ਬੀ.ਟੀ. ਫਸਲਾਂ ਦਾ ਵਿਰੋਧ ਤੇ ਬਾਈਕਾਟ ਕਰਨਾ ਹਰੇਕ ਕੁਦਰਤ ਪ੍ਰੇਮੀ ਦਾ ਮੁੱਢਲਾ ਫਰਜ਼ ਹੈ। ਸੋ, ਇਹ ਪ੍ਰਤਿੱਗਿਆ ਕਰਨੀ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਪਿੰਡ ਵਿਚ ਬੀਟੀ ਫਸਲਾਂ ਨੂੰ ਘੁਸਪੈਠ ਨਹੀਂ ਕਰਨ ਦੇਵਾਗੇ।

ਪਾਣੀ ਦੀ ਬਰਬਾਦੀ ਅਤੇ ਉਸਦਾ ਬਜ਼ਾਰੀਕਰਨ
ਪੰਜਾਬ ਬੇਆਬ ਹੁੰਦਾ ਜਾ ਰਿਹਾ ਹੈ। ਜਾਂ ਤਾਂ ਪੰਜਾਬ 'ਚ ਪਾਣੀ ਮੁੱਕਦਾ ਜਾ ਰਿਹਾ ਹੈ ਜਾਂ ਫਿਰ ਜ਼ਹਿਰੀਲਾਂ ਹੁੰਦਾ ਜਾ ਰਿਹਾ ਹੈ। ਸਾਡੇ ਜਲ ਸੋਮੇਂ ਸੁੱਕ ਗਏ ਨੇ ਤੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ। ਸਾਡੇ ਮੰਡ ਅਤੇ ਢਾਬ ਬਰਬਾਦ ਹੋ ਚੁੱਕੇ ਹਨ। ਸਾਡੀਆਂ ਬੇਈਂਆ ਤੇ ਨਦੀਆਂ 'ਚ ਜੀਵਨ ਦੇਣ ਵਾਲਾ ਪਾਣੀ ਨਹੀਂ ਸਗੋਂ ਬਿਮਾਰੀ ਅਤੇ ਮੌਤ ਦੇਣ ਵਾਲਾ ਜ਼ਹਿਰ ਅਤੇ ਸੀਵਰ ਵਗ ਰਿਹਾ ਹੈ। ਇੱਕ ਪਾਸੇ ਪਾਣੀ ਬਰਬਾਦ ਹੋਇਆ ਹੈ ਤੇ ਦੂਜੇ ਪਾਸੇ ਉਸਨੂੰ ਬਜ਼ਾਰ ਦੀ ਵਸਤ ਬਣਾ ਦਿੱਤਾ ਗਿਆ ਹੈ। ਹੁਣ ਪਾਣਂੀ ਸਿਰਫ ਪਾਣੀ ਨਹੀਂ ਰਹਿ ਗਿਆ ਸਗੋਂ ਇਹ, ਪਾਣੀ, ਪੀਣ ਵਾਲਾ ਪਾਣੀ ਅਤੇ ਪੀਣ ਵਾਲੇ ਸੁੱਧ ਪਾਣੀ ਜਿਹੇ ਵਰਗਾਂ 'ਚ ਵੰਡਿਆ ਜਾ ਚੁੱਕਾ ਅਤੇ ਪੀਣ ਵਾਲੇ ਸੁੱਧ ਪਾਣੀ ਉੱਤੇ ਬਜ਼ਾਰ ਤੇ ਬਹੁਕੌਮੀ ਕੰਪਨੀਆਂ ਦਾ ਕਬਜਾ ਹੈ।

ਬੀਤੇ ਕੁੱਝ ਸਾਲਾਂ ਦੌਰਾਨ ਉਦਾਰੀਕਰਨ ਦੇ ਨਾਂਅ 'ਤੇ ਪਾਣੀ ਸਬੰਧੀ ਵੀ ਅਜਿਹੇ ਕਾਨੂੰਨ, ਨਿਰਮਤ ਕੀਤੇ ਜਾ ਰਹੇ ਹਨ ਜਿਹੜੇ ਪਾਣੀ ਉਪਰ ਬਾਜ਼ਾਰ ਦੀ ਅਜ਼ਾਰੇਦਾਰੀ ਸਥਾਪਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਨ। ਵੇਖਣ ਨੂੰ ਭਾਵੇਂ ਸਰਕਾਰ ਵੱਲੋਂ ਪਾਣੀ ਸਬੰਧੀ ਲਏ ਗਏ ਫੈਸਲੇ ਸਮਾਜ ਪੱਖੀ ਲਗਦੇ ਹਨ, ਪਰ ਅੱਗੇ ਚੱਲ ਕੇ ਇਹ ਸਾਡੇ ਲਈ ਬਹੁਤ ਖਤਰਨਾਕ ਸਿੱਧ ਹੋਣਗੇ, ਕਿਉਂਕਿ ਪਾਣੀ ਦਾ ਨਿੱਜੀਕਰਨ /ਨਿਗਮੀਕਰਨ ਅਜਿਹੇ ਕਾਨੂੰਨਾਂ ਦਾ ਅੰਤਿਮ ਉਦੇਸ਼ ਹੈ। ਜੇਕਰ ਇੰਝ ਹੁੰਦਾ ਹੈ ਤਾਂ ਜ਼ਰ੍ਹਾ ਸੋਚੋ, ਕੀ ਅਸੀਂ ਭਵਿੱਖ ਵਿਚ ਪਿਆਊ ਲਾ ਸਕਾਂਗੇ? ਇਹ ਸਾਡੇ ਵਿਰਸੇ, ਰੀਤੀ-ਰਿਵਾਜ਼ਾਂ ਅਤੇ ਪ੍ਰੰਪਰਾਵਾਂ ਨੂੰ ਢਹਿ ਢੇਰੀ ਕਰਨ ਦੀ ਡੂੰਘੀ ਸ਼ਾਜ਼ਿਸ਼ ਹੈ। ਜਿੱਥੇ ਇਨ੍ਹਾਂ ਕਾਨੂੰਨਾਂ/ਨਿਯਮਾਂ ਦਾ ਵਿਰੋਧ ਕਰਨਾ ਸਾਡਾ ਮੁੱਢਲਾ ਫਰਜ਼ ਬਣ ਜਾਂਦਾ ਹੈ , ਉਥੇ ਪਾਣੀ ਦੇ ਸੋਮਿਆਂ ਦੀ ਠੀਕ ਤਰ੍ਹਾਂ ਸਾਂਭ-ਸੰਭਾਲ, ਪ੍ਰਬੰਧਨ ਤੇ ਸੁਚੱਜ ਭਰਪੂਰ ਵਰਤੋਂ ਸਾਡੀ ਪ੍ਰਮੁ ੱਖਤਾ ਹੋਣੀ ਚਾਹੀਦਾ ਹੈ। ਪਾਣੀ ਦੇ ਕੁਦਰਤੀ ਸਰੋਤਾਂ ਨੂੰ ਜਿਉਂਦੇ ਰੱਖਣ ਲਈ ਇਨ੍ਹਾਂ ਨੂੰ ਰੀਚਾਰਜ ਕਰਨ ਦੀ ਸੁਚੱਜੀ ਵਿਉਂਤਬੰਦੀ ਬੇਹੱਦ ਜ਼ਰੂਰੀ ਹੈ। ਇਸ ਪ੍ਰਸੰਗ ਵਿਚ ਵਰਖਾ ਦੇ ਪਾਣੀ ਨੂੰ ਇਕੱਠਾ ਕਰਨਾ ਇਕ ਵਡੇਰਾ ਕਾਰਜ ਹੈ ਤੇ ਨਾਲ ਹੀ ਛੱਪੜਾਂ ਅਤੇ ਤਾਲਾਬਾਂ ਦੀ ਪਵਿੱਤਰਤਾ ਅਤੇ ਮਹੋੱਤਵ ਨੂੰ ਮੁੜ ਬਹਾਲ ਕਰਨਾ ਵੀ ਬਹੁਤ ਜ਼ਰੁਰੀ ਹੈ। ਅਜਿਹੇ ਸਮੁਦਾਇਕ ਯਤਨ ਸਾਡੀ ਲੜਾਈ ਦਾ ਵੱਡਾ ਹਥਿਆਰ ਸਾਬਿਤ ਹੋਣਗੇ।

ਮਾਮਲਾ ਜੈਵਿਕ ਵੰਨ ਸੁਵੰਨਤਾ ਦਾ

ਸਾਡੀ ਜੈਵਿਕ ਵੰਨ-ਸੁਵੰਨਤਾ ਵੀ ਖਤਰੇ ਵਿਚ ਹੈ। ਅਨੇਕ ਤਰ੍ਹਾਂ ਦੇ ਪੇੜ ਪੌਦਿਆਂ ਅਤੇ ਜੀਵ ਜੰਤੂਆਂ ਦੀਆਂ ਅਨੇਕਾਂ ਨਸਲਾਂ ਜਾਂ ਤਾਂ ਅਲੋਪ ਹੋ ਚੁੱਕੀਆਂ ਹਨ ਤੇ ਜਾਂ ਅਲੋਪ ਹੋਣ ਕਿਨਾਰੇ ਹਨ। ਗੰਡੋਏ, ਘੁਮਾਰ, ਚੀਚ ਵਹੁਟੀਆਂ, ਮਧੂ ਮੱਖੀਆਂ, ਤਿਤਲੀਆਂ, ਗਿੱਧਾਂ, ਉੱਲੂਆਂ, ਇੱਲਾਂ, ਚਿੜੀਆਂ (7000 ਕਿਸਮਾਂ ਦੀਆਂ), ਤੋਤੇ, ਕਾਂ, ਸੱਪ, ਡੱਡੂ ਅਤੇ ਹੋਰ ਅਨੇਕਾਂ ਮਾਸਾਹਾਰੀ ਜੀਵ-ਜੰਤੂ ਤੇਜੀ ਨਾਲ ਖਤਮ ਹੁੰਦੇ ਜਾ ਰਹੇ ਹਨ। ਲਗਦਾ ਹੈ ਅਸੀਂ ਹੌਲੀ-ਹੌਲੀ ਸਮੂਹਿਕ ਮੌਤ ਵਲ ਵਧ ਰਹੇ ਹਾਂ। ਚਾਲੀ ਸਾਲ ਪਹਿਲਾਂ ਕਣਕ, ਚੌਲ ਤੇ ਹੋਰ ਫਸਲਾਂ ਦੀਆਂ ਹਜ਼ਾਰਾਂ ਕਿਸਮਾਂ ਸਾਡੇ ਦੇਸ਼ ਦੀ ਅਮੀਰ ਜੈਵ ਭਿੰਨਤਾ ਦਾ ਹਿੱਸਾ ਸਨ। ਦੁਨੀਆਂ ਭਰ ਦੇ 12 ਮੁੱਖ ਜੈਵ ਭਿੰਨਤਾ ਕੇਂਦਰਾਂ ਵਿਚੋਂ ਤਿੰਨ ਦਾ ਭਾਰਤ ਵਿਚ ਹੋਣਾ ਇਸ ਗੱਲ ਦਾ ਠੋਸ ਪਰਮਾਣ ਹੈ। ਅਫਸੋਸ ਦੀ ਗੱਲ ਹੈ ਕਿ ਅੱਜ ਸਾਡੀ ਜੈਵਿਕ ਵੰਨ-ਸੁਵੰਤਨਤਾ ਉਪਰ ਬਹੁਕੌਮੀ ਕੰਪਨੀਆਂ ਨੇ ਚੌਤਰਫਾ ਹੱਲਾ ਬੋਲ ਦਿੱਤਾ ਹੈ। ਬੜੀ ਤੇਜੀ ਨਾਲ ਸਾਡੇ ਬੀਜਾਂ ਤੇ ਜੈਵਿਕ ਵਿਭਿੰਨਤਾ ਅਤੇ ਇਨ੍ਹਾਂ ਨਾਲ ਜੁੜੇ ਗਿਆਨ ਦਾ ਨਿੱਜੀਕਰਨ ਤੇ ਕੰਪਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਕਾਫੀ ਹੱਦ ਤੱਕ ਪਹਿਲਾਂ ਹੀ ਕਾਮਯਾਬ ਹੋ ਚੁੱਕੀਆਂ ਹਨ ਤੇ ਅਸੀਂ ਆਪਣੀ ਬੀਜ ਵਿਰਾਸਤ ਦਾ ਵੱਡਾ ਹਿੱਸਾ ਆਪਣੇ ਹੱਥੋਂ ਗੁਆ ਚੁੱਕੇ ਹਾਂ। ਇਸ ਸਾਜਿਸ਼ ਨੂੰ ਸਫਲ ਬਣਾਉਣ ਦੀ ਪ੍ਰਕਿਰਿਆ ਵਿਸ਼ਵ ਵਪਾਰ ਸੰਸਥਾ ਦੇ ਪੇਟੇਂਟ ਕਾਨੂੰਨਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਭਾਰਤ ਸਕਰਾਰ ਵੱਲੋਂ ਬਣਾਏ ਗਏ ਨਵੇਂ 'ਕਾਲੇ ਕਾਨੂੰਨਾਂ' ਤੱਕ ਜਾ ਪੁੱਜਦੀ ਹੈ। ਭਾਰਤ ਸਰਕਾਰ ਵੱਲੋਂ ਘੜ੍ਹੇ ਗਏ ਪੇਟੈਂਟ ਕਾਨੂੰਨ, ਜੈਵਿਕ ਭਿੰਨਤਾ ਕਾਨੂੰਨ, ਪਲਾਂਟ ਵਰਾਇਟੀ ਪ੍ਰੋਟੈਕਸ਼ਨ ਐਕਟ, ਬੀਜ ਕਾਨੂੰਨ ਆਦਿ ਵਰਗੇ ਕੋਈ 30 ਕਾਨੂੰਨ/ਨਿਯਮ ਏਸੇ ਵਰਗ ਵਿਚ  ਆਉਂਦੇ ਹਨ। ਬੀਜਾਂ ਦੀ ਇਹ ਗੁਲਾਮੀ ਸਾਡੀ ਅੰਨ ਸੁਰੱਖਿਆ ਤੇ ਬੀਜਾਂ ਉਪਰ ਕਿਸਾਨਾਂ ਦੀ ਖੁਦਮੁਖਤਾਰੀ ਨੂੰ ਨੇਸਤੋ- ਨਾਬੁਦ ਕਰਕੇ ਸਾਡੇ ਦੇਸ਼ ਦੀ ਪ੍ਰਭੂਸੱਤਾ ਲਈ ਖਤਰੇ ਸਹੇੜ ਰਹੀ ਹੈ। ਪਿਛਲੇ ਦੋ ਦਹਾਕਿਆਂ ਤੋਂ ਸਾਡੇ ਦੇਸ਼ ਵਿਚ ਜੰਗਲਾਂ ਅਤੇ ਖੇਤੀ ਸਬੰਧੀ ਵੱਡੇ ਨੀਤੀਗਤ ਬਦਲਾਅ ਕੀਤੇ ਜਾ ਰਹੇ ਹਨ। ਅਜੇਹੇ ਅਨੇਕਾਂ ਕਾਨੂੰਨ ਅਤੇ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਜੋ ਜੰਗਲਾਂ ਅਤੇ ਖੇਤੀ ਵਿਚ ਉਗਾਈਆਂ ਜਾਣ ਵਾਲੀਆਂ ਫਸਲੀ ਪ੍ਰਜਾਤੀਆਂ ਉਪਰ ਫੈਸਲਾਕੁਨ ਅਸਰ ਪਾਉਣ ਵਾਲੀਆਂ ਹਨ। ਉਪਰੋਂ ਦੇਖਿਆਂ ਤਾਂ ਏਦਾ ਜਾਪਦਾ ਹੈ ਕਿ ਇਹ ਕਾਨੂੰਨ ਖੇਤੀ,ਜੰਗਲਾਂ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਉਚਿਤ ਵਰਤੋਂ ਲਈ ਬਣਾਏ ਜਾ ਰਹੇ ਹਨ। ਪਰ ਜੇਕਰ ਇਨ੍ਹਾਂ ਕਾਨੂੰਨਾਂ ਅਤੇ ਨੀਤੀਆਂ ਨੂੰ ਡੂੰਘਾਈ ਅਤੇ ਪਾਰਖੂ ਅੱਖ ਨਾਲ ਦੇਖਿਆ ਜਾਵੇ ਤਾ ਸਪਸ਼ਟ ਹੋ ਜਾਦਾ ਹੈ ਕਿ ਇਹ ਤਬਦੀਲੀਆ ਖੇਤੀ,ਜੰਗਲਾਂ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਮੁਨਾਫੇ ਕਮਾਉਣ ਅਤੇ ਆਪਣੇ ਸਰਮਾਏ ਨੂੰ ਵਧਾਉਣ ਦੀ ਲਾਲਸਾ ਨਾਲ ਕੀਤੀਆਂ ਜਾ ਰਹੀਆਂ ਹਨ।  ਇਨ੍ਹਾਂ ਕਾਨੂੰਨਾਂ ਅਤੇ ਨੀਤੀਆਂ ਰਾਹੀਂ ਖੇਤੀ,ਜੰਗਲਾਂ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਆਪਣੇ ਕਬਜ਼ੇ ਵਿਚ ਕੀਤਾ ਜਾ ਰਿਹਾ ਹੈ ਤਾਂਕਿ ਉਨ੍ਹਾਂ ਨੂੰ ਦੋਹੀਂ ਹਥੀਂ ਲੁਟਿਆ ਜਾ ਸਕੇ। ਇਸ ਪ੍ਰਕਿਰਿਆ ਨੂੰ ਚਲਾਉਣ ਲਈ ਨਵੇਂ ਸੰਸਥਾਗਤ ਢਾਂਚੇ ਅਤੇ ਵਿਵਸਥਵਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਫੈਸਲਿਆਂ ਵਿਚ ਸਬੰਧਤ ਆਮ ਲੋਕਾਂ ਨੂੰ ਕਿਸੇ ਵੀ ਪੱਧਰ ਤੇ ਸ਼ਾਮਿਲ ਕਰਨਾ ਤਾਂ ਦੂਰ, ਉਨ੍ਹਾਂ ਨੂੰ ਪੁਛਿਆ ਤੱਕ ਨਹੀਂ ਜਾ ਰਿਹਾ। ਇਸ ਦੇ ਨਾਲ ਹੀ ਜਲ, ਜੰਗਲ, ਜ਼ਮੀਨ ਨਾਲ ਜੁੜੇ ਸਾਰੇ ਸਮਾਜਿਕ ਨਿਯਮਾਂ, ਰੀਤੀ ਰਿਵਾਜਾਂ ਅਤੇ ਹੋਰ ਬਚਾਅ ਸਾਧਨਾ ਨੂੰ ਵਿਧੀਵਤ ਢੰਗ ਨਾਲ ਤੋੜਿਆ ਅਤੇ ਤਹਿਸ ਨਹਿਸ ਕੀਤਾ ਜਾ ਰਿਹਾ ਹੈ।

ਬਿਮਾਰੀਆਂ ਦੀ ਭਰਮਾਰ
ਜਿੱਥੋਂ ਤੱਕ ਗੱਲ ਸਿਹਤਾਂ ਦੀ ਹੈ ਤਾਂ ਤਸਵੀਰ ਬੜੀ ਭਿਆਨਕ ਹੈ। ਮਨੁੱਖ ਦੇ ਨਾਲ ਨਾਲ ਸਭ ਜੀਵ ਜੰਤੂਆਂ ਦਾ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਸ਼ਕਤੀ) ਗੜਬੜਾ ਗਿਆ ਹੈ। ਬੱਚੇ ਜਮਾਂਦਰੂ ਬਿਮਾਰ ਪੈਦਾ ਹੋ ਰਹੇ ਹਨ। ਚੌਗਿਰਦੇ 'ਚ ਆਏ ਵਿਗਾੜਾਂ ਕਾਰਨ ਮਨੁੱਖਾਂ ਅਤੇ ਪਸ਼ੂ-ਪੰਛੀਆਂ ਦੀ ਪ੍ਰਜਣਨ ਸਮਰੱਥਾ ਵੀ ਲਗਾਤਾਰ ਘਟ ਰਹੀ ਹੈ। ਅੱਜ ਔਸਤ ਪੱਖੌਂ ਪੰਜਬ ਦੇਸ਼ ਦਾ ਨੰਬਰ ਇਕ ਕੈਂਸਰ ਗ੍ਰਸਤ ਸੂਬਾ ਹੈ। ਪੀ ਜੀ ਆਈ ਚੰਡੀਗੜ੍ਹ ਦੀ ਇੱਕ ਸਟਡੀ ਦੇ ਪੂਰਕ ਆਂਕੜੇ ਸਪਸ਼ਟ ਰੂਪ ਵਿੱਚ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਪੰਜਾਬ ਦੇ ਉਹ ਖਿੱਤੇ ਜਿੱਥੇ ਰਸਾਇਣਕ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ ਜਾਂ ਕੀਤੀ ਗਈ ਹੈ ਉੱਥੇ ਕੈਂਸਰ ਦੇ ਮਾਮਲੇ ਜਿਆਦਾ ਪਾਏ ਗਏ ਹਨ। ਪੰਜਾਬ ਵਿਚ ਮੰਦਬੁਧੀ ਬੱਚੇ ਅਤੇ ਵੱਡੀ ਗਿਣਤੀ ਵਿਚ ਪੈਦਾ ਹੋ ਰਹੇ ਹਨ। ਅੱਜ ਪੰਜਾਬ ਪ੍ਰਜਨਣ ਰੋਗਾਂ ਨਾਲ ਬੁਰੀ ਤਰ੍ਹਾਂ ਘਿਰ ਚੁੱਕਾ ਹੈ। ਹਾਲਾਤ ਇਹ ਨੇ ਕਿ ਪੰਜਾਬ ਵਿੱਚ ਆਪਣੇ ਆਪ ਗਰਭ ਡਿੱਗ ਜਾਣ ਦੀਆਂ ਘਟਨਾਵਾਂ-ਮਿਸਕੈਰਿਜ (ਸ਼ੁਰੂਆਤੀ ਗਰਭ ਦਾ ਡਿੱਗ ਜਾਣਾ) ਅਤੇ ਸਪੋਂਟੇਨੀਅਸ ਅਬਾਰਸ਼ਨਜ (ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਗਰਭਪਾਤ ਹੋ ਜਾਣਾ) ਖ਼ਤਰਨਾਂਕ ਦਰ ਤੱਕ ਵਧ ਚੁੱਕੇ ਹਨ। ਜੋ ਗਰਭ ਇਹਨਾਂ ਤੋਂ ਬਚਦੇ ਹਨ ਉਹਨਾਂ ਤੋਂ ਮਰੇ ਹੋਏ ਬੱਚੇ ਪੈਦਾ ਦੀਆਂ ਘਟਨਾਵਾਂ ਬੇਤਹਾਸ਼ਾ ਵਧ ਰਹੀਆਂ ਹਨ। ਏਸੇ ਤਰ੍ਹਾਂ ਜਨਮ ਤੋਂ 10-15 ਦਿਨਾਂ ਅੰਦਰ ਬੱਚਿਆਂ ਦੇ ਮਰਨ ਦਾ ਪ੍ਰਤੀਸ਼ਤ ਵੀ ਖ਼ਤਰਨਾਕ ਸੰਕੇਤ ਦੇ ਰਿਹਾ ਹੈ। ਏਸੇ ਤਰ੍ਹਾਂ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਸਤਮਾਹੇ ਜਾਂ ਅਠਮਾਹੇ ਬੱਚਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੇ। ਬੱਚਿਆਂ 'ਚ ਜਮਾਂਦਰੂ ਹਰਨੀਆਂ ਗ੍ਰਸਤ, ਜਮਾਂਦਰੂ ਹੱਥ-ਪੈਰ ਵਿਹੂਣੇ (ਫੇਕੋਮੀਲੀਆ), ਪਤਾਲੂ ਅਤੇ ਅੰਡਕੋਸ਼ ਥੱਲੇ ਨਾ ਆਉਣੇ, ਹਾਈਪੋਸਪੀਡੀਆ, ਤਾਲੂਏ ਜਾਂ ਬੁੱਲ ਕਟੇ-ਫਟੇ ਹੋਣੇ (ਕਲੈਫਟ ਲਿਪ ਜਾਂ ਕਲੈਫਟਪੈਲਿਟ), ਸਰੀਰ ਦੇ ਕੁੱਝ ਖਾਸ ਹਿੱਸਿਆਂ ਜਿਵੇਂ ਪਿੱਠ ਅਤੇ ਗਰਦਨ 'ਤੇ ਜਮਾਂਦਰੂ ਫੋੜਿਆਂ ਅਤੇ ਦਿਮਾਗ ਵਿਹੂਣੇ ਨਿਊਰਲ ਟਿਊਬ ਡਿਫੈਕਟ ਜਮਾਂਦਰੂ ਮ੍ਰਿਤਕ ਬੱਚਿਆਂ ਦੀ ਔਸਤ ਪੱਖੋਂ ਵੀ ਪੰਜਾਬ ਵੱਡੇ ਪੱਧਰ 'ਤੇ ਸੰਕਟਗ੍ਰਸਤ ਰਾਜ ਬਣ ਚੁਕਾ ਹੈ। ਏਨਾਂ ਹੀ ਨਹੀਂ  ਪੰਜਬੀਆਂ ਦੇ ਵੀਰਯ ਵਿੱਚ ਸ਼ੁਕਰਾਣੂਆਂ ਦੀ ਸੰਖਿਆ ਵੀ 40 ਸਾਲ ਪਹਿਲਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਲੜਕੀਆਂ ਵਿੱਚ ਨਿਸ਼ਚਤ ਸਮੇਂ ਤੋਂ ਪਹਿਲਾਂ ਮਾਹਵਾਰੀ ਦਾ ਆਉਣਾਂ ਅਤੇ ਛਾਤੀਆਂ ਦੀਆਂ ਗੱਠਾਂ ਦਾ ਬਣਨਾ, ਨਿਸ਼ਚਤ ਉਮਰ ਤੋਂ ਪਹਿਲਾਂ ਹੀ ਮਹਾਵਾਰੀ ਦਾ ਰੁਕ ਜਾਣਾ ਅਤੇ ਅਨੇਕਾਂ ਹੀ ਅਜਿਹੀਆਂ ਹੋਰ ਸਿਹਤ ਸਮੱਸਿਆਵਾਂ ਦਾ ਹੜ੍ਹ ਆਇਆ ਹੋਇਆ ਹੈ। ਇਹ ਸਾਰੇ ਤੱਥ ਸਿਹਤਾਂ ਪੱਖੋਂ ਸਾਡੇ ਦਰਦਨਾਕ ਭਵਿੱਖ ਵੱਲ ਇਸ਼ਾਰਾ ਹੀ ਤਾਂ ਕਰ ਰਹੇ ਹਨ, ਇਸਦਾ ਸਿੱਧਾਂ ਅਰਥ ਇਹ ਹੈ ਕਿ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਖ਼ਤਰੇ ਵਿੱਚ ਹੈ। ਨਵੀਆਂ ਵਿੱਗਿਆਨਕ ਖੋਜ਼ਾਂ ਦੱਸਦੀਆਂ ਹਨ ਕਿ ਇਹਨਾਂ ਸਾਰੀਆਂ ਬਿਮਾਰੀਆਂ ਦਾ ਸੰਬੰਧ ਵਾਤਾਵਰਣ ਅਤੇ ਸਾਡੀ ਖ਼ੁਰਾਕ ਵਿੱਚ ਘਰ ਕਰ ਚੁੱਕੇ ਭਿਆਨਕ ਜ਼ਹਿਰਾਂ ਨਾਲ ਹੈ।

ਕੁਦਰਤੀ ਖੇਤੀ-ਖੁਸ਼ਹਾਲੀ ਤੇ ਅਜ਼ਾਦੀ ਦਾ ਪ੍ਰਤੀਕ

ਬਾਬੇ ਨਾਨਕ ਨੇ ਖੇਤੀ ਨੂੰ ਉਤਮ ਮੰਨਿਆ ਹੈ ਪਰ ਅਸੀਂ ਆਪਣੇ ਕੁਕਰਮਾ ਕਾਰਣ ਇਸ ਨੂੰ ਨਿਖਿੱਧ ਬਣਾ ਦਿੱਤਾ ਹੈ। ਖੇਤੀ ਸਾਡੀ ਖੁਦਮੁਖਤਾਰੀ, ਸਵੈ ਨਿਰਭਰਤਾ ਤੇ ਚਿਰੰਜੀਵੀ ਖੁਸ਼ਹਾਲੀ ਦਾ ਆਧਾਰ ਹੈ। ਸਾਡਾ ਖੇਤੀ ਇਤਿਹਾਸ 10 ਹਜ਼ਾਰ ਸਾਲਾਂ ਤੋਂ ਜ਼ਿਆਦਾ ਪੁਰਾਣਾ ਹੈ। ਦੁਨੀਆਂ ਵਿਚ ਖੇਤੀ ਸਬੰਧੀ ਪਹਿਲੇ ਗਰੰਥ ਇਸ ਦੇਸ਼ ਵਿਚ ਹੀ ਲਿਖੇ ਗਏ ਹਨ। ਜਦੋਂ ਯੂਰਪੀ ਲੋਕ ਪਸ਼ੂਆਂ ਦੀ ਖੱਲ ਤੇ ਪੱਤੇ ਲਪੇਟ ਕੇ ਤਨ ਢਕਦੇ ਸਨ, ਹਿੰਦੁਸਤਾਨ ਉਦੋਂ ਵੀ ਕੱਪੜੇ ਬਣਾਉਣ ਜਾਣਦਾ ਸੀ। ਉਹ ਸਾਡੀ ਖੇਤੀ ਦੇ ਅਮੀਰ ਵਿਰਸੇ ਦੇ ਨਾਲ ਨਾਲ ਸਾਡੀਆਂ ਪੇਂਡੂ ਕਾਰੀਗਰੀਆਂ ਦਾ ਪ੍ਰਤੀਕ ਸੀ। ਪਿਛਲੇ ਚਾਲੀਆਂ ਸਾਲਾਂ 'ਚ ਅਸੀਂ ਆਪਣੇ ਖੇਤੀ ਵਿਗਿਆਨ ਤੇ ਉਹਦੇ ਨਾਲ ਜੁੜੀ ਸਮਝ ਤੋਂ ਉੱਕਾ ਹੀ ਹੱਥ ਧੋ ਬੈਠੇ ਹਾਂ। ਖੇਤੀ ਵਿਚ ਵਰਤੇ ਜਾਣ ਵਾਲੇ ਜ਼ਹਿਰ ਏਨੀ ਕੁ ਮਾਤਰਾ ਤੱਕ ਪਹੁੰਚ ਗਏ ਨੇ ਕਿ ਉਨਾਂ ਨੇ ਸਾਡਾ ਪੌਣ ਪਾਣੀ ਤੇ ਜੀਵਨ, ਜ਼ਹਿਰੀਲਾ ਬਣਾ ਦਿੱਤਾ ਹੈ । ਇਹ ਜ਼ਹਿਰਾਂ ਸਾਡੇ ਖੂਨ ਤੋਂ ਲੈ ਕੇ ਸਾਡੀ ਮਾਂ ਦੇ ਦੁੱਧ ਤੱਕ ਘੁਸਪੈਠ ਕਰ ਚੁੱਕੀਆਂ ਹਨ। ਇਨ੍ਹਾਂ ਜ਼ਹਿਰਾਂ ਨੇ ਸਾਡੇ 'ਪਵਨੁ ਗੁਰੂ', 'ਪਾਣੀ ਪਿਤਾ' ਤੇ 'ਮਾਤਾ ਧਰਤਿ ਮਹਤੁ' ਨੂੰ ਤਾਂ ਬਰਬਾਦ ਕੀਤਾ ਹੀ ਹੈ ਸਾਡੀ ਪੇਂਡੂ ਆਰਥਿਕਤਾ ਨੂੰ ਵੀ ਭਾਰੀ ਢਾਅ ਲਾਈ ਹੈ। ਜ਼ਹਿਰਾਂ 'ਤੇ ਨਿਰਭਰ ਰਸਾਇਣਕ ਖੇਤੀ ਦੇ ਭਿਆਨਕ ਸਿੱਟਿਆਂ ਬਾਰੇ ਹਰੀ ਕ੍ਰਾਂਤੀ ਦੇ ਸ਼ੁਰੂਆਤੀ ਦੌਰ ਵਿਚ ਵੀ ਪਿੰਗਲਵਾੜੇ ਦੇ ਬਾਨੀ, ਭਗਤ ਪੂਰਨ ਸਿੰਘ ਨੇ ਆਪਣੀ ਦੂਰ ਦ੍ਰਿਸ਼ਟੀ ਭਰਪੂਰ ਸੋਚ ਰਾਹੀਂ ਇਸ ਖੇਤੀ ਮਾਡਲ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਸੀ ਤੇ ਉਨਾਂ੍ਹ ਨੇ ਜਿਹੜੀਆਂ ਚਿੰਤਾਵਾਂ ਜਾਹਿਰ ਕੀਤੀਆਂ ਸਨ, ਅੱਜ ਉਹੀ ਸਾਡੇ ਦਰਪੇਸ਼ ਹਨ। ਇਸ ਰਸਾਇਣਕ ਖੇਤੀ ਨੇ ਧਰਤੀ ਨੂੰ ਬੰਜਰ ਬਣਾ ਦਿੱਤਾ ਹੈ। ਪਿਛਲੇ ਚੰਦ ਕੁ ਸਾਲਾਂ ਵਿਚ ਯੂਰੀਆ, ਡੀਏਪੀ ਦੀ ਖਪਤ ਕਈ ਗੁਣਾਂ ਵਧੀ ਹੈ ਤੇ ਇਸਦੇ ਬਾਵਜੂਦ ਝਾੜ ਸਥਿਰ ਹੋ ਰਿਹਾ ਹੈ।

ਅੱਜ ਸਾਡਾ ਕਿਸਾਨ ਕੰਪਨੀਆਂ ਦਾ ਗ਼ਲਾਮ ਬਣ ਕੇ ਰਹਿ ਗਿਆ ਹੈ। ਸਾਡੀ ਖੇਤੀ ਇਹਨਾਂ ਕੰਪਨੀਆਂ ਦੁਆਰਾ ਨਿਰਮਤ ਰਸਾਇਣ ਖਾਦਾਂ ਤੇ ਕੀੜੇਮਾਰ ਜ਼ਹਿਰਾਂ 'ਤੇ ਨਿਰਭਰ ਕਰਦੀ ਹੈ। ਅੱਜ ਭਾਰਤ ਆਪਣੀ ਲੋੜ ਦੇ ਯੂਰੀਆ, ਫਾਸਫੋਰਸ ਤੇ ਪੋਟਾਸ਼ ਆਦਿ ਰਸਾਇਣਾਂ ਦਾ ਬਹੁਤ ਵੱਡਾ ਹਿੱਸਾ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ। ਸਿੱਟੇ ਵਜੋਂ, ਸਾਡੀ ਅੰਨ ਸੁਰੱਖਿਆ ਰਸਾਇਣਾਂ ਦੇ ਇਸ ਆਯਾਤ ਦੀ ਮੁਥਾਜ਼ ਹੈ। ਰਸਾਇਣਕ ਖੇਤੀ ਨੇ ਵਾਤਾਵਰਣ ਤੇ ਸਿਹਤਾਂ ਨੂੰ ਮਾਰਨ ਦੇ ਨਾਲ ਨਾਲ ਕਿਸਾਨਾਂ ਦੀ ਆਰਥਿਕਤਾ ਦਾ ਏਨਾ ਕੁ ਘਾਣ ਕੀਤਾ ਹੈ ਕਿ ਪਿਛਲੇ ਦਸਾਂ ਕੁ ਸਾਲਾਂ ਦੌਰਾਨ ਇਕੱਲੇ ਪੰਜਾਬ ਵਿੱਚ ਹੀ 2 ਲੱਖ ਕਿਸਾਨ ਬੇਜ਼ਮੀਨੇ ਹੋ ਕੇ ਖੇਤੀ ਨੂੰ ਅਲਵਿਦਾ ਆਖ ਗਏ। ਕਾਰਨ ਇਹ ਕਿ ਇਸ ਖੇਤੀ ਨੇ ਉਨ੍ਹਾਂ ਨੂੰ ਸਿਵਾਏ ਕਰਜ ਦੇ ਹੋਰ ਦਿੱਤਾ ਹੀ ਕੁੱਝ ਨਹੀਂ। ਅਨੇਕਾਂ ਕਿਸਾਨਾਂ ਨੂੰ ਆਪਣੀ ਪੂਰੀ ਜ਼ਮੀਨ ਜਾਂ ਉਸਦਾ ਦਾ ਕੁੱਝ ਹਿੱਸਾ ਵੇਚਣਾ ਪਿਆ।  ਹਾਲਾਤ ਇੰਨੇ ਬਦਤਰ ਹੋ ਗਏ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ ਆਤਮ ਹੱਤਿਆ ਕਰਨ ਲਈ ਕਰਨ ਲਈ ਮਜ਼ਬੂਰ ਹੋਣਾ ਪਿਆ। ਪੂਰੇ ਦੇਸ਼ ਵਿਚ ਪਿਛਲੇ ਦਸਾਂ ਸਾਲਾਂ ਅੰਦਰ 1ਲੱਖ 60 ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ। ਇਹ ਸਿਲਸਿਲਾ ਅਜੇ ਰੁਕਿਆ ਨਹੀਂ - ਅਜੇ ਵੀ ਹਜ਼ਾਰਾਂ ਹੋਰ ਕਿਸਾਨਾਂ ਸਿਰ ਕੁਰਕੀ ਦੀ ਤਲਵਾਰ ਲਟਕ ਰਹੀ ਹੈ। ਕੁਦਰਤੀ ਖੇਤੀ ਇਸ ਮੁਥਾਜੀ ਤੋਂ, ਕੁਦਰਤ ਦੇ ਇਸ ਵਿਨਾਸ਼ ਤੋਂ, ਕਿਸਾਨ ਦੇ ਇਸ ਸ਼ੋਸ਼ਣ ਤੋਂ ਅਤੇ ਸਿਹਤਾਂ ਦੇ ਇਸ ਘਾਣ ਤੋਂ ਮੁਕਤੀ ਦੇ ਰਾਹ ਖੋਲ੍ਹਦੀ ਹੈ।

ਕੁਦਰਤੀ ਖੇਤੀ ਰਵਾਇਤੀ ਬੀਜਾਂ ਨੂੰ ਬਚਾਉਣ ਦੇ ਨਾਲ ਨਾਲ ਪਿੰਡ ਕੇਂਦਰਤ ਅਰਥ ਵਿਵਸਥਾ ਦਾ ਪੱਖ ਲੈਂਦੀ ਹੈ। ਕੁਦਰਤੀ ਖੇਤੀ ਕਰਨ ਵਾਲਾ ਕਿਸਾਨ ਕਿਸੇ ਯੂਰੀਆ, ਡੀ.ਏ.ਪੀ, ਜਾਂ ਕੀੜੇਮਾਰ ਜ਼ਹਿਰ ਦਾ ਗ਼ੁਲਾਮ ਨਹੀਂ ਸਗੋਂ ਉਹ ਤਾਂ ਸਰਬੱਤ ਦੇ ਭਲੇ ਦਾ ਸੰਕਲਪ ਲੈ ਕੇ ਹਵਾ, ਪਾਣੀ ਤੇ ਧਰਤੀ ਨੂੰ ਗੁਰੂ, ਪਿਤਾ ਤੇ ਮਾਤਾ ਵਾਲਾ ਸਤਿਕਾਰ ਦੇਣ ਵਾਲਾ ਯੋਧਾ ਹੁੰਦਾ ਹੈ। ਅੱਜ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਇਕੱਠੇ ਹੋਏ ਕੁਦਰਤ ਪ੍ਰੇਮੀਆਂ ਨੂੰ ਇਹ ਵੰਗਾਰ ਹੈ ਕਿ ਉਹ ਸਭ ਤੋਂ ਪਹਿਲਾਂ ਕੁਦਰਤੀ ਖੇਤੀ ਅਪਨਾਉਣ ਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸਾਹਿਤ ਕਰਨ। ਸਾਡਾ ਟੀਚਾ ਹੋਣਾ ਚਾਹੀਦਾ ਹੈ ਆਉਦੇ ਕੁੱਝ ਸਾਲਾਂ ਵਿਚ ਪੂਰੇ ਪੰਜਾਬ ਨੂੰ ਜ਼ਹਿਰ ਮੁਕਤ ਕਰਨਾ ।ਇਸ ਲਈ ਹਰ ਕਿਸਾਨ ਜੋ ਸਰਬੱਤ ਦਾ ਭਲਾ ਮੰਗਦਾ ਹੈ, ਜੋ ਭਗਤ ਸਿੰਘ ਦੇ ਆਜ਼ਾਦੀ ਦੇ ਵਿਚਾਰ ਨੂੰ ਅਮਲੀ ਰੂਪ ਵਿਚ ਲਾਗੂ ਹੋਇਆ ਵੇਖਣਾ ਚਾਹੁੰਦਾ ਹੈ, ਜੋ ਲੋਕ ਪੱਖੀ ਨਿਜ਼ਾਮ ਦਾ ਹਾਮੀ ਹੈ ਉਹ ਕੁਦਰਤੀ ਖੇਤੀ ਕਰੇ, ਕਰਾਵੇ ਤੇ ਹੋਰਾਂ ਨੂੰ ਕੁਦਰਤੀ ਖੇਤੀ ਕਰਨ ਲਈ ਉਤਸਾਹਿਤ ਕਰੇ। ਕੁਦਰਤੀ ਖੇਤੀ ਦੇ ਪ੍ਰਚਾਰ -ਪ੍ਰਸਾਰ ਲਈ ਕਿਸੇ ਹੋਰ ਹੱਥ ਅੱਡਣ ਦੀ ਬਜਾਇ ਸਮਾਜ ਦੇ ਸੁਚੇਤਨ ਲੋਕਾਂ ਨੂੰ ਆਪਣੇ ਪੱਧਰ 'ਤੇ ਯਤਨ ਅਰੰਭਣੇ ਚਾਹੀਦੇ ਹਨ। ਕੁਦਰਤੀ ਖੇਤੀ ਲੋਕ ਹਿੱਸੇਦਾਰੀ ਅਤੇ ਲੋਕ ਸੰਕਲਪ ਨਾਲ ਚੱਲਣ ਵਾਲੀ ਇਕ ਲੋਕ ਲਹਿਰ ਹੈ। ਇਸ ਲੋਕ ਲਹਿਰ ਦੀ ਅਗਵਾਈ ਕਿਸਾਨ ਕੀ ਕਰਨਗੇ। ਕਿਸਾਨ ਹੀ ਇਸਦੇ ਮਾਹਿਰ ਹੋਣਗੇ। ਉਹ ਹੀ ਇਸਦੇ ਵਿਗਿਆਨੀ ਹੋਣਗੇ ਤੇ ਕੁਦਰਤੀ ਖੇਤੀ ਸਬੰਧੀ ਹਰ ਤਰ੍ਹਾਂ ਦੇ ਫੈਸਲੇ ਲੈਣ ਦਾ ਹੱਕ ਵੀ ਉਨ੍ਹਾਂ ਦਾ ਹੀ ਹੋਵੇਗਾ।

ਸਾਡੀ ਦੇਸੀ ਖੇਤੀ ਦਾ ਮੰਡੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ । ਜ਼ਮੀਨ ਵੀ ਕਿਸਾਨ ਦੀ, ਸੰਦ ਵੀ ਕਿਸਾਨ ਦੇ (ਲੁਹਾਰ ਦੇ ਬਣਾਏ ਹੋਏ), ਬੀਜ ਵੀ ਆਪਣੇ ਹੀ, ਖਾਦਾਂ ਵੀ ਘਰ ਦੀਆਂ (ਗੋਹਾ, ਮੂਤਰ ਤੇ ਪੌਦਿਆਂ ਦਾ ਗਲਣ-ਸੜਣ) ਹਵਾ, ਪਾਣੀ, ਧੁੱਪ ਕੁਦਰਤ ਦੀ-ਗੱਲ ਕੀ ਖੇਤੀ ਕਰਨ ਲਈ ਕਿਸਾਨ ਬਜ਼ਾਰ ਤੋਂ , ਖਾਸ ਕਰਕੇ ਵੱਡੇ ਸਰਮਾਏਦਾਰਾਂ ਤੋਂ ਕੁੱਝ ਵੀ ਨਹੀਂ ਸੀ ਖਰੀਦਦਾ। ਉਹ ਸਿਰਫ ਆਪਣੀ ਫਸਲ (ਜੋ ਆਪਣੇ ਘਰੇਲੂ ਵਰਤੋਂ ਤੋਂ ਵਧ ਹੋਵੇ) ਬਜ਼ਾਰ ਵਿਚ ਵੇਚਦਾ ਸੀ। ਉਹ ਵੀ ਜ਼ਿਆਦਾਤਰ ਸਿੱਧੀ ਖਪਤਕਾਰ ਨੂੰ ਜਾਂ ਛੋਟੇ ਵਪਾਰੀ ਨੂੰ।

ਕੁਦਰਤੀ ਖੇਤੀ ਦੀ ਸਫਲਤਾ
ਕੁਦਰਤੀ ਖੇਤੀ ਦੇ ਦੇਸ਼ ਭਰ ਵਿਚ ਬੜੇ ਸਫਲ ਨਤੀਜੇ ਸਾਹਮਣੇ ਆਏ ਹਨ। ਮਹਾਂਰਾਸ਼ਟਰ ਵਿਚ ਇਸ ਢੰਗ ਦੀ ਖੇਤੀ 'ਤੇ ਸਾਲਾਂਬੱਧੀ ਖੋਜ ਕਾਰਜ ਕਰਨ ਵਾਲੇ ਸ੍ਰੀ ਸੁਭਾਸ਼ ਪਾਲੇਕਰ ਦੀ ਅਵਗਵਾਈ ਹੇਠ ਜ਼ੀਰੋ ਬਜਟ ਖੇਤੀ ਲਹਿਰ ਕਿਸਾਨਾਂ ਲਈ ਖੁਸ਼ਹਾਲੀ ਦੇ ਰਾਹ ਖੋਲ੍ਹ ਰਹੀ ਹੈ। ਆਂਧਰਾ ਪ੍ਰਦੇਸ਼ ਵਿਚ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ ਨਾਂਅ ਦੀ ਸੰਸਥਾ ਵੱਲੋਂ ਤਿਆਰ ਜ਼ਹਿਰਮੁਕਤ ਖੇਤੀ ਦੇ ਮਾਡਲ ਨੇ ਆਪਣੇ ਸਾਰੇ ਵਿਰੋਧੀਆ ਦੇ ਮੂੰਹ ਬੰਦ ਕਰ ਦਿਤੇ ਹਨ ਅਤੇ ਇਸ ਦੀ ਸਫਲਤਾ ਨੂੰ ਭਾਰਤ ਸਰਕਾਰ ਦੇ ਨਾਲ- ਨਾਲੇ ਰਾਜ ਸਰਕਾਰ ਨੇ ਵੀ ਮੰਨ ਲਿਆ ਹੈ। ਉਥੇ ਹੁਣ ਦੋਵੇਂ ਸਰਕਾਰਾਂ ਕੁਦਰਤੀ ਖੇਤੀ ਤਕਨੀਕ ਦੇ ਪ੍ਰਚਾਰ ਪ੍ਰਸਾਰ ਲਈ ਸੀ.ਐਸ .ਏ. ਦੀ ਅਗਵਾਈ ਸਵੀਕਾਰ ਚੁੱਕੀਆਂ ਹਨ। ਪੰਜਾਬ ਵਿਚ ਪਿਛਲੇ ਦੋ ਸਾਲਾਂ ਅੰਦਰ ਜ਼ਹਿਰ, ਕਰਜ ਤੇ ਜ਼ਿੱਲਤ ਮੁਕਤ ਇਸ ਕੁਦਰਤੀ ਖੇਤੀ ਦੇ ਸਫਲ ਹੋਣ ਦੀਆਂ ਸੁਹਣੀਆਂ ਦੇ ਠੋਸ ਉਦਾਹਰਨਾਂ ਸਾਹਮਣੇ ਆਈਆ ਹਨ। ਪਿੰਗਲਵਾੜਾ ਅੰਮ੍ਰਿਤਸਰ, ਖੇਤੀ ਵਿਰਾਸਤ ਮਿਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਕੁਦਰਤੀ ਖੇਤੀ ਲਹਿਰ ਦੀ ਸਫਲਤਾ ਲਈ ਕਾਰਜਸ਼ੀਲ ਹੈ। ਇਸ ਵੇਲੇ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਕੁਦਰਤੀ ਖੇਤੀ ਲੋਕ ਲਹਿਰ ਦੇ ਹਜ਼ਾਰਾਂ ਕਿਸਾਨ ਵੀ ਖੇਤੀ ਦੇ ਇਸ ਮਾਡਲ ਦੀ ਸਫਲਤਾ ਦੀ ਇਬਾਰਤ ਲਿਖ ਰਹੇ ਹਨ। ਇਸ ਖੇਤੀ ਵਿਚ ਲੱਗੇ ਕਿਸਾਨਾਂ ਦੀ ਜ਼ੁਬਾਨੀ ਇਹ ਖੇਤੀ ਸਵੈਮਾਨ ਤੇ ਸਮਰਿੱਧੀ ਦੇਣ ਵਾਲੀ ਖੇਤੀ ਹੈ। ਇਸ ਢੰਗ ਦੀ ਖੇਤੀ ਰਸਾਇਣਕ ਖੇਤੀ ਦੇ ਬਰਾਬਰ ਹੀ ਨਹੀਂ ਸਗੋਂ ਵੱਧ ਝਾੜ ਦੇਣ ਵਿਚ ਕਾਮਯਾਬ ਹੈ। ਦੂਜਾ ਇਹ ਸਾਡੇ ਬੇਹੱਦ ਪਲੀਤ ਹੋ ਚੁੱਕੇ ਵਾਤਾਵਰਣ ਨੂੰ ਨਿਰਮਲਤਾ ਵੀ ਪ੍ਰਦਾਨ ਕਰਦੀ ਹੈ।ਇੰਨਾ ਹੀ ਕੁਦਰਤੀ ਖੇਤੀ ਵਿੱਚ ਪਾਣੀ ਦੀ ਵਰਤੋਂ ਵੀ 45-50 ਫੀਸਦੀ ਘੱਟ ਹੁੰਦੀ ਹੈ। ਇਸ ਖੇਤੀ ਰਾਹੀਂ ਅਸੀਂ ਧਰਤੀ ਮਾਂ ਨੂੰ ਕੋਹ ਕੋਹ ਕੇ ਉਸ ਕੋਲੋਂ ਕੁੱਝ ਹਾਸਲ ਨਹੀਂ ਕਰਦੇ ਸਗੋਂ ਉਸ ਨੂੰ ਸਜੀਵ ਰੱਖਦੇ ਹਾਂ।

ਸਾਡਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਕੁਦਰਤੀ ਖੇਤੀ ਲੋਕ ਲਹਿਰ ਨੂੰ ਪੱਕੇ ਪੈਰੀਂ ਕਰਨ ਲਈ ਹਰੇਕ ਪਿੰਡ ਵਿਚ ਇੱਕ ਬੀਜ ਬੈਂਕ ਸਥਾਪਿਤ ਕੀਤਾ ਜਾਣਾ ਮੁੱਢਲੀ ਲੋੜ ਹੈ। ਜਿੱਥੇ ਕੁਦਰਤੀ ਖੇਤੀ ਦੇ ਮੁੱਖ ਅਧਾਰ ਦੇਸੀ ਬੀਜਾਂ ਦੀ ਉ ਪਲਬਦਤਾ ਯਕੀਨੀ ਹੋਵੇਗੀ। ਇਸੇ ਸਿਲਸਿਲੇ ਤਹਿਤ ਹਰੇਕ ਪਿੰਡ ਵਿਚ ਕੁਦਰਤੀ ਖੇਤੀ ਨਾਲ ਸਬੰਧਿਤ ਗਤੀਵਿਧੀਆਂ ਦਾ ਲੇਖਾ ਜੋਖਾ, ਭਵਿੱਖ ਦੀ ਯੋਜਨਾ ਬੰਦੀ ਤੇ ਵਰਤਮਾਨ ਸਮੱਸਿਆਵਾਂ ਦੇ ਹੱਲ ਸਬੰਧੀ ਉਪਰਾਲੇ ਕੀਤੇ ਜਾਣ ਦੀ ਵਿਵਸਥਾ ਦੇ ਤਹਿਤ ਕੁਦਰਤੀ ਖੇਤੀ ਕੇਂਦਰ ਸਥਾਪਤ ਕਰਨੇ ਅਤਿ ਜ਼ਰੂਰੀ ਹਨ। ਜਿੱਥੇ ਜੀਵ ਅੰਮ੍ਰਿਤ, ਬੀਜ ਅੰਮ੍ਰਿਤ ਆਦਿ ਬਣਾਉਣ ਦੀ ਸਿਖਲਾਈ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਪਿੰਡ ਵਿਚ ਵੱਡੇ ਪੱਧਰ 'ਤੇ ਰੁੱਖ  ਲਾਉਣ ਹਿਤ ਨਰਸਰੀ ਤਿਆਰ ਕੀਤੀ ਜਾਵੇਗੀ।

ਵਕਤ ਦੀ ਲੋੜ - ਸਰਬੱਤ ਦੇ ਭਲੇ ਦਾ ਸੰਕਲਪ
ਅੱਜ ਪੰਜਾਬ ਨੂੰ ਲੋੜ ਹੈ ਇਕ ਐਸੀ ਲੋਕ ਲਹਿਰ ਦੀ ਜੋ ਸਾਡੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਪ੍ਰਤੀ ਯਤਨਸ਼ੀਲ, ਕੁਦਰਤੀ ਸੋਮਿਆਂ ਤੇ ਸਮਾਜ ਦੇ ਸੰਪ੍ਰਭੂ ਅਧਿਕਾਰ ਦੀ ਰਖਿਆ ਲਈ ਸੁਚੇਤ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਸਮਰਪਿਤ ਹੋਵੇ। ਆਜ਼ਾਦੀ ਦੇ ਤੀਜੇ ਸੰਘਰਸ਼ ਦੇ ਰੂਪ ਵਿਚ ਇਹ ਲੋਕ ਲਹਿਰ ਵਾਤਾਵਰਣੀ ਅਤੇ ਸਮਾਜਿਕ ਨਿਆਂ ਦਾ ਖ਼ਿਆਲ ਰੱਖਣ ਵਾਲੀ ਅਤੇ ਸੰਸਾਰੀਕਰਣ ਦੀ ਪ੍ਰਕਿਰਿਆ ਨੂੰ ਠੱਲ੍ਹ ਪਾਉਣ ਵਾਲੀ ਹੋਵੇ। ਇਹ ਲੋਕ ਲਹਿਰ ਸਾਡੇ ਵਿਰਾਸਤੀ ਗਿਆਨ ਦੀ ਰੱਖਿਆ ਅਤੇ ਅਗਲੀ ਪੀੜ੍ਹੀ ਤੱਕ ਉਸ ਨੂੰ ਸੰਭਾਲ ਕੇ ਸੌਂਪਣ ਵਿਚ ਸਮਰੱਥ ਹੋਵੇ। ਬੰਜਰ ਹੋ ਰਹੀ ਧਰਤੀ ਨੂੰ ਮੁੜ ਜੀਵਤ ਕਰਨ, ਪਾਣੀ ਤੇ ਹੋਰ ਕੁਦਰਤੀ ਸੋਮਿਆਂ ਦੀ ਰੱਖਿਆ ਲਈ ਅੱਗੇ ਆਵੇ। ਇਸ ਲੋਕ ਲਹਿਰ ਦਾ ਆਧਾਰ ਕੁਦਰਤ ਪੱਖੀ ਵਿਕਾਸ 'ਚ ਵਿਸ਼ਵਾਸ ਕਰਨ ਵਾਲੇ ਕਿਸਾਨ ਅਤੇ ਕੁਦਰਤ ਪ੍ਰੇਮੀ ਹੋਣਗੇ। ਸਾਡਾ ਵਿਸ਼ਵਾਸ ਹੈ ਕਿ ਸ਼ਹੀਦ-ਇਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇਸ ਲੋਕ ਲਹਿਰ ਦਾ ਨਵਾਂ ਆਗ਼ਾਜ਼ ਹੋਵੇਗਾ। ਵਿਕਾਸ ਦੇ ਢਾਂਚੇ ਦੀ ਬੌਧਿਕ ਤੇ ਤਕਨੀਕੀ ਬਹਿਸ ਨੂੰ ਪੰਜਾਬ ਦੇ ਭੂਗੋਲਿਕ, ਸੱਭਿਆਚਾਰਕ ਅਤੇ ਕੁਦਰਤੀ ਸੋਮਿਆਂ 'ਤੇ ਅਧਾਰਤ ਕਸੌਟੀ 'ਤੇ ਪਰਖਣਾ ਹੋਵੇਗਾ। ਸਰਬੱਤ ਦੇ ਭਲੇ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਤੋਂ ਲੈ ਕੇ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਅਤੇ ਅਜ਼ਾਦੀ ਲਈ ਕੁਰਬਾਨ ਹੋ ਜਾਣ ਵਾਲੇ ਹਜ਼ਾਰਾਂ ਸ਼ਹੀਦਾਂ ਦੇ ਵਿਚਾਰਾਂ ਦੀ ਵਿਰਾਸਤ, ਕੁਦਰਤੀ ਖੇਤੀ ਦੀ ਇਸ ਲੋਕ ਲਹਿਰ ਲਈ ਚਾਣਨ ਮੁਨਾਰੇ ਦਾ ਕੰਮ ਕਰੇਗੀ। ਇਸ ਲਹਿਰ ਨੂੰ ਸ਼ਹੀਦ ਭਗਤ ਸਿੰਘ ਤੋਂ ਲੈਕੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜੀਵਨ ਤਾਕਤ ਬਖ਼ਸ਼ਦਾ ਹੈ, ਸੇਧ ਦਿੰਦਾ ਹੈ।

ਅਸੀਂ ਪੰਜਾਬ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਹਰ ਉਹ ਵਿਅਕਤੀ ਜੋ ਕੁਦਰਤ ਤੇ ਲੋਕ ਪੱਖੀ ਸੋਚ ਰੱਖਦਾ ਹੈ, ਜੋਤਬਾਹ ਹੁੰਦੇ ਕੁਦਰਤੀ ਸੋਮਿਆਂ, ਵਾਤਾਵਰਣ ਤੇ     ਲੁੱਟੀ ਜਾ ਰਹੀ ਆਜ਼ਾਦੀ ਨੂੰ ਬਚਾਉਣਾ ਚਾਹੁੰਦਾ ਹੈ ਉਹ ਇਸ ਲਹਿਰ ਦਾ ਹਿੱਸਾ ਬਣੇ।