Friday, October 16, 2009

ਅਜ਼ਾਦੀ ਦੀ ਲੜ੍ਹਾਈ ਦਾ ਅਗਲਾ ਪੜਾਅ

ਕੁਦਰਤੀ ਸੋਮਿਆਂ 'ਤੇ ਲੋਕਾਂ ਦੀ ਖੁਦਮੁ ਖਤਾਰੀ ਅਤੇ ਕੁਦਰਤੀ ਵਿਰਾਸਤ ਦੀ ਰੱਖਿਆ ਲਈ ਲੋਕ ਲਹਿਰ ਸਿਰਜੋ

ਅਜਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਭਾਰਤੀਆਂ ਨੇ ਅਜ਼ਾਦੀ ਲਈ ਲੰਮੀ ਘਾਲਣਾ ਘਾਲੀ ਹੈ। 1757 ਵਿਚ ਵਪਾਰਕ ਕੰਪਨੀ ਦੁਆਰਾ ਭਾਰਤੀਆਂ ਤੋਂ ਧੋਖੇ ਨਾਲ ਰਾਜ ਪ੍ਰਬੰਧ ਖੋਹ ਲੈਣ ਬਾਅਦ ਭਾਰਤੀ ਕਾਰੀਗਰਾਂ, ਕਿਸਾਨਾਂ ਤੇ ਵਪਾਰੀਆਂ ਲਈ ਵਿਆਪਕ ਬਰਬਾਦੀ ਦਾ ਯੁੱਗ ਸ਼ੁਰੂ ਹੋਇਆ, ਜਿਸ ਦੇ ਵਿਰੋਧ ਵਿਚ 100 ਸਾਲ ਦੇ ਸੰਘਰਸ਼ ਬਾਅਦ 1857 ਵਿਚ ਇਕ ਵਿਸ਼ਾਲ ਲੋਕ ਏਕਤਾ ਨਾਲ ਅਜ਼ਾਦੀ ਲਈ ਹੰਭਲਾ ਮਾਰਿਆ ਗਿਆ। ਅਜ਼ਾਦੀ ਜਿੱਥੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਦੀ ਕੋਸ਼ਿਸ਼ ਸੀ, ਉਥੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪਣੀ ਯੁੱਗਾਂ ਤੋਂ ਇਕੱਤਰ ਕੀਤੀ ਸਿਆਣਪ ਤੇ ਨਵੇਂ ਗਿਆਨ ਦੀ ਮਦਦ ਨਾਲ ਹੱਲ ਕਰਨ ਦੀ ਪ੍ਰਤਿੱਗਿਆ ਵੀ ਸੀ। ਇਸੇ ਕਰਕੇ 1907 ਵਿਚ ਖਟਕੜ ਕਲਾਂ ਦੇ ਜੰਮਪਲ, ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਦੂਸਰੇ ਦੇਸ਼ ਭਗਤਾਂ ਨਾਲ ਰਲ ਕੇ ਅੰਗਰੇਜ ਰਾਜ ਨੂੰ ਵੰਗਾਰਦੇ ਹੋਏ 'ਪਗੜੀ ਸੰਭਾਲ ਜੱਟਾ' ਦਾ ਸੰਦੇਸ਼ ਦਿੱਤਾ ਸੀ । ਇਹ ਅਜ਼ਾਦੀ ਦਾ ਦੂਸਰਾ ਦੌਰ ਸੀ। ਜਿਸ ਦੇ ਨਤੀਜੇ ਵਜੋਂ 1947 ਵਿਚ ਅੰਗਰੇਜ ਭਾਰਤ ਛੱਡ ਗਏ। ਹੁਣ ਜਦ ਅੰਗਰੇਜ ਨੂੰ ਭਾਰਤ ਛੱਡਿਆਂ 60 ਸਾਲ ਬੀਤ ਗਏ ਹਨ ਤਾਂ ਵੀ 80 ਫੀਸਦੀ ਲੋਕ ਭੁੱਖ ਮਰੀ ਦੇ ਸ਼ਿਕਾਰ ਹਨ ਕਿਉਂ? 70 ਫੀਸਦੀ ਲੋਕਾਂ ਦੇ ਜੀਵਨ ਦਾ ਅਧਾਰ ਧਰਤੀ ਬੰਜਰ ਕਿਉਂ ਹੁੰਦੀ ਜਾ ਰਹੀ ਹੈ ? ਪਾਣੀ ਕਿਉਂ  ਮੁੱਕਦਾ ਜਾ ਰਿਹਾ ਹੈ, ਕੱਲ੍ਹ ਜੋ ਇੱਜ਼ਤ, ਸਵੈਮਾਨ ਦੀ ਲੜਾਈ ਸੀ-ਅੱਜ ਜੀਵਨ ਦੀ ਲੜ੍ਹਾਈ ਬਣ ਗਈ ਹੈ।  ਧਰਤੀ, ਪਾਣੀ, ਬੀਜ ਬਚਾਉਣ ਦੀ ਲੜਾਈ।

ਹੁਣ ਪੱਗੜੀ ਦੀ ਲਾਜ ਤਾਂ ਹੀ ਬਚੇਗੀ ਜੇ ਅਸੀਂ ਕੁਦਰਤੀ ਸੋਮਿਆਂ ਅਤੇ ਵਾਤਾਵਰਣ ਨਾਲ ਜੁੜੇ ਵਿਰਾਸਤੀ ਗਿਆਨ ਦੀ ਰੱਖਿਆ ਕਰਦੇ ਹੋਏ ਇਸ ਨੂੰ ਹੋਰ ਵਿਕਸਤ ਕਰਾਂਗੇ। ਆਪਣੀ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਸ਼ਹੀਦ-ਇਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਅੰਗਰੇਜ ਗਵਰਨਰ ਨੂੰ ਲਿਖੀ ਚਿੱਠੀ ਵਿਚ ਕਿਹਾ ਸੀ,'ਜਦੋਂ ਤੱਕ ਲੋਕਾਂ ਦੀ ਮਿਹਨਤ ਅਤੇ ਕੁਦਰਤੀ ਸੋਮਿਆਂ ਦੀ ਲੁੱਟ ਜਾਰੀ ਰਹੇਗੀ, ਅਜ਼ਾਦੀ ਦਾ ਸੰਘਰਸ਼ ਚਲਦਾ ਰਹੇਗਾ।'

ਅੱਜ ਸੰਨ 2008 ਵਿਚ ਅਸੀਂ ਏਸੇ ਅਜ਼ਾਦੀ ਸੰਘਰਸ਼ ਨੂੰ ਅਗੇ ਵਧਾਉਣ ਦਾ ਹੀਲਾ ਕਰ ਰਹੇ ਹਾਂ।
ਪਿਛਲੇ ਪੰਜ ਦਹਾਕਿਆਂ ਦੌਰਾਨ ਖੜ੍ਹੇ ਕੀਤੇ ਗਏ ਵਿਕਾਸ ਅਤੇ ਖੇਤੀ ਦੇ ਅਖੌਤੀ ਆਧੁਨਿਕ ਮਾਡਲ ਨੇ ਕਿਸਾਨ ਤੋਂ ਉਸ ਦੇ ਕੁਦਰਤੀ ਸੋਮੇਂ ਜਾਂ ਤਾ ਖੋਹ ਲਏ ਹਨ ਜਾਂ ਫਿਰ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।

ਨਵੀਂ ਗ਼ੁਲਾਮੀ ਦਾ ਆਗ਼ਾਜ਼
ਕੁਦਰਤੀ ਸੋਮਿਆਂ ਦੀ ਇਹ ਬਰਬਾਦੀ ਇੱਕ ਨਵੀਂ ਗੁਲਾਮੀ ਦਾ ਸ਼ੁਰੂਆਤ ਹੈ। ਇੱਕ ਨਵੀਂ ਤਰ੍ਹਾਂ ਦੀ ਲੁੱਟ ਆਮ ਵਰਤਾਰਾ ਹੋ ਗਿਆ ਹੈ। ਇਹ ਲੁੱਟ ਕਿਸਾਨ ਦੀ ਵੀ ਹੈ ਤੇ ਕੁਦਰਤ ਦੀ ਵੀ। ਵਿਕਾਸ ਦੇ ਨਵੇਂ ਰਸਤੇ ਨੇ ਮਨੁੱਖ ਨੂੰ ਕੁਦਰਤ ਦੇ ਖਿਲਾਫ ਖੜ੍ਹਾ ਕਰ ਦਿੱਤਾ ਹੈ । ਹੁਣ ਕੁਦਰਤ 'ਤੇ ਕਬਜਾ ਕਰਕੇ; ਕੁਦਰਤ ਨੂੰ ਨੱਥ ਕੇ, ਉਸ ਤੋਂ ਆਪਣੀ ਹਵਸ ਪੂਰੀ ਕਰਵਾਉਣ ਦਾ ਜਨੂਨ ਇਨਸਾਨ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । 'ਪਵਨੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਕਹਿਣ ਵਾਲਾ ਸਮਾਜ ਆਪਣੀਆਂ ਮਹਾਨ ਕਦਰਾਂ ਕੀਮਤਾਂ ਤੋਂ ਬੇਮੁੱਖ ਹੋ ਗਿਆ ਹੈ। ਉਸ ਨੇ ਕੁਦਰਤ ਨਾਲ ਆਪਣੇ ਰਿਸ਼ਤੇ ਨੂੰ ਦਾਗਦਾਰ ਹੀ ਨਹੀਂ ਕੀਤਾ ਸਗੋਂ ਕੁਦਰਤ ਦੀਆਂ ਅਨੇਕਾਂ ਅਮੁੱਲ ਨਿਆਮਤਾਂ ਤੋਂ ਵਾਂਝਾ ਵੀ ਹੋ ਚੁੱਕਿਆ ਹੈ। ਅੱਜ ਅਸੀਂ ਸਾਫ ਪਾਣੀ ਨੂੰ ਤਰਸਦੇ ਹਾਂ, ਸ਼ੁੱਧ ਹਵਾ ਲਈ ਤੜਪਦੇ ਹਾਂ ਅਤੇ ਹਰਿਆਵਲੀ ਧਰਤੀ ਦੇਖਣ ਲਈ ਕਿਤੇ ਦੂਰ ਦੂਰ ਦੌੜਦੇ ਹਾਂ। ਅਸੀਂ ਅੱਜ ਜੰਗਲਾਂ ਤੋਂ ਸੱਖਣੇ ਹੋ ਗਏ ਹਾਂ, ਪਸ਼ੂ ਪੰਛੀ ਸਾਡੇ ਨਾਲ ਰੁੱਸ ਗਏ ਹਨ। ਅਸੀਂ ਕੁਦਰਤ ਦੀਆਂ ਬਖ਼ਸ਼ੀਆਂ ਦਾਤਾਂ ਦਾ ਮਾਣ ਨਹੀਂ ਰੱਖ ਸਕੇ ਤੇ ਹੁਣ ਉਸਦਾ ਸੰਤਾਪ ਭੋਗਣ ਲਈ ਮਜ਼ਬੂਰ ਹਾਂ। ਕੁਦਰਤ ਵਿਚ ਪੈਦਾ ਹੋਇਆ ਅਸੰਤੁਲਨ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇਕ ਘੋਰ ਸੰਕਟ ਦਾ ਰੂਪ ਅਖਤਿਆਰ ਕਰ ਚੁੱਕਿਆ ਹੈ। ਕੁਦਰਤ ਦੇ ਇਸ ਅਸੰਤੁਲਨ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਂਦਾ ਹੈ ਜਦੋਂ ਕੁਦਰਤੀ ਸੋਮਿਆਂ ਨੂੰ ਬਾਜ਼ਾਰ ਦੀ 'ਵਸਤ' ਜਾਂ ਬਾਜ਼ਾਰ ਦਾ ਹਿੱਸਾ ਬਣਾ ਦਿੱਤਾ ਜਾਂਦਾ ਹੈ। ਅੱਜ ਬੀਜਾਂ 'ਤੇ ਮਲਿਕ ਭਾਗੋ ਦਾ ਕਬਜਾ ਹੈ ਅਤੇ ਪਾਣੀ 'ਤੇ ਵਲੀ ਕੰਧਾਰੀ ਕਾਬਿਜ ਹੋਏ ਬੈਠੇ ਹਨ।

ਨਵੇਂ ਢੰਗ ਦੀ ਆਰਥਿਕ ਰਚਨਾ ਨੇ ਕੁਦਰਤੀ ਸੋਮਿਆਂ ਨੂੰ ਆਮ ਆਦਮੀ ਦੇ ਹੱਥੋਂ ਖੋਹ ਕੇ ਉਨ੍ਹਾਂ ਦੀ ਤਿਜ਼ਾਰਤ ਕਰਨ ਵਾਲਿਆਂ ਦੇ ਹੱਥੀਂ ਸੌਂਪ ਦਿੱਤਾ ਹੈ। ਅਸੀਂ ਜਦੋਂ ਕੁਦਰਤੀ ਸੋਮਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਤਿੰਨ ਮੁੱਢਲੀਆਂ ਚੀਜ਼ਾਂ 'ਤੇ ਕੇਂਦਰਤ ਹੁੰਦੀ ਹੈ-ਜਿੰਨ੍ਹਾਂ ਨੂੰ ਅਸੀਂ ਆਪਾਣੇ ਹੱਥੀਂ ਵੀ ਖੂਬ ਬਰਬਾਦ ਕੀਤਾ ਹੈ ਅਤੇ ਜਿੰਨ੍ਹਾਂ 'ਤੇ ਬਾਜ਼ਾਰ ਦਾ ਹਮਲਾ ਵੀ ਬਹੁਤ ਤੇਜੀ ਨਾਲ ਹੋਇਆ ਹੈ। ਇਹ ਹਨ-ਬੀਜ, ਪਾਣੀ ਅਤੇ ਕੁਦਰਤੀ ਵੰਨ-ਸੁਵੰਤਨਤਾ। 

ਬੀਜਾਂ ਰਾਹੀਂ ਗ਼ੁਲਾਮ ਬਣਾਉਣ ਦਾ ਮਨਸੂਬਾ
ਬੀਜ ਕਿਸੇ ਵੀ ਦੇਸ਼ ਦੀ ਖੇਤੀ ਦਾ ਮੁੱਖ ਧੁਰਾ ਹੁੰਦੇ ਹਨ। ਸਾਡੇ ਦੇਸ਼ ਵਿਚ ਸਦੀਆਂ ਤੋਂ ਬੀਜ ਕਿਸਾਨ ਦੀ ਵਿਰਾਸਤ ਦਾ ਹਿੱਸਾ ਰਹੇ ਹਨ। ਬੀਜ ਕਿਸੇ ਵੀ ਦੇਸ਼ ਦੀ ਅੰਨ ਸੁਰੱਖਿਆ ਦਾ ਵੀ ਮੁੱਢਲਾ ਅਧਾਰ ਹੁੰਦੇ ਹਨ। ਤਾਜਾ ਹਾਲਾਤ ਇਹ ਹਨ ਕਿ ਹਰੀ ਕਰਾਂਤੀ ਦੇ ਝਾਂਸੇ ਵਿੱਚ ਆ ਅਸੀਂ ਆਪਣੇ ਰਵਾਇਤੀ ਬੀਜਾਂ ਨੂੰ ਬਾਜ਼ਾਰ ਮੁੱਖੀ ਖੇਤੀ ਦੀ ਭੇਂਟ ਚੜ੍ਹਾ ਚੁੱਕੇ ਹਾਂ। ਕਦੇ ਸਾਡੇ ਕੋਲ ਭਿੰਨ-ਭਿੰਨ ਫਸਲਾਂ ਦੇ ਹਜ਼ਾਰਾਂ ਕਿਸਮਾਂ ਦੇ ਬੀਜ ਉਪਲਭਧ ਸਨ ਜਿਹੜੇ ਕਿ ਅੱਜ ਉੰਗਲਾਂ ਦੇ ਪੋਟਿਆਂ 'ਤੇ ਗਿਣਨਯੋਗ ਹੀ ਰਹਿ ਗਏ ਹਨ। ਏਨਾਂ ਹੀ ਨਹੀਂ ਬੀਜਾਂ ਦੇ ਦੇ ਮਾਮਲੇ 'ਚ ਸਾਡੀ ਬਚੀ ਖੁਚੀ ਆਜ਼ਾਦੀ ਨੂੰ ਵੀ ਸਿਰੇ ਤੋਂ ਖਤਮ ਕਰਨ ਲਈ ਸਾਡੇ ਖੇਤਾਂ ਵਿੱਚ ਬੀਟੀ/ ਜੀ ਐਮ ਬੀਜਾਂ ਦੀ ਘੁਸਪੈਠ ਲਈ ਜਿੱਥੇ ਰਾਸਤਾ ਸਾਫ ਕੀਤਾ ਜਾ ਰਿਹਾ ਹੈ ਉਥੇ ਹੀ ਨਰਮੇਂ/ ਕਪਾਹ ਦੀ ਬੀਟੀ ਫਸਲ ਦੇ ਰੂਪ 'ਚ ਸਾਡੀ ਬਰਬਾਦੀ ਦੇ ਬੀਜ ਪੁੰਗਰ ਵੀ ਚੁੱਕੇ।

ਬੀਟੀ ਬੀਜਾਂ ਦਾ ਤੇਂਦੂਆ ਜਾਲ
ਹੁਣ ਸਭ ਤੋਂ ਵੱਡਾ ਖਤਰਾ ਜੋ ਸਾਡੇ 'ਤੇ ਮੰਡਰਾ ਰਿਹਾ ਹੈ ਉਹ ਹੈ ਸਾਡੀ ਥਾਲੀ ਵਿਚ ਜ਼ਬਰਦਸਤੀ ਪਰੋਸਿਆ ਜਾਣ ਵਾਲਾ ਬੀ.ਟੀ. ਬੈਂਗਣ ਅਤੇ ਇਸ ਵਰਗੀਆਂ ਹੋਰ ਅਨੇਕਾਂ ਖੁਰਾਕੀ ਫਸਲਾਂ। ਬਹੁਕੌਮੀ ਕੰਪਨੀਆਂ ਵੱਲੋਂ ਲਿਆਂਦੇ ਜਾ ਰਹੇ ਇਹ ਬੀਟੀ/ਜੀ.ਐੱਮ ਬੀਜ, ਸਾਡੇ ਆਪਣੇ ਬੀਜਾਂ ਦੀ ਬਰਬਾਦੀ ਦਾ ਸਭ ਤੋਂ ਭਿਆਨਕ ਪਹਿਲੂ ਹਨ। ਇਨ੍ਹਾਂ ਬੀਜਾਂ ਨੂੰ ਤਿਆਰ ਕਰਨ ਦਾ ਢੰਗ ਹੱਦ ਦਰਜੇ ਦਾ ਕੁਦਰਤ ਵਿਰੋਧੀ ਹੈ। ਇਸ ਤਕਨੀਕ ਨਾਲ ਪੈਦਾ ਕੀਤੇ ਬੀਜ ਕੁਦਰਤ, ਵਾਤਾਵਰਣ ਤੇ ਪ੍ਰਾਣੀਆਂ ਦੀਆਂ ਸਿਹਤਾਂ ਲਈ ਵਿਨਾਸ਼ਕਾਰੀ ਸਾਬਤ ਹੋਣ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਬੀਜਾਂ ਬਾਰੇ ਬੜੀਆਂ ਵੱਡੀਆਂ ਵੱਡੀਆ ਫੜ੍ਹਾਂ ਮਾਰੀਆਂ ਜਾਂਦੀਆਂ ਰਹੀਆਂ ਹਨ ਕਿ ਇਨ੍ਹਾਂ ਫਸਲਾਂ ਉਪਰ ਕੀਟਨਾਸ਼ਕਾਂ ਦੀ ਵਰਤੋਂ ਉੱਕੀ ਨਹੀਂ ਕਰਨੀ ਪਵੇਗੀ। ਇਹ ਗੱਲ ਵੀ ਕੋਰਾ ਝੂਠ ਸਾਬਿਤ ਹੋ ਰਹੀ ਹੈ। ਜੀ.ਐੱਮ. ਬੀਜ, ਕੰਪਨੀਆਂ ਵੱਲੋਂ ਕਿਸਾਨਾਂ ਦੀ ਲੁੱਟ ਕਰਨ ਦਾ ਮੁੱਖ 'ਹਥਿਆਰ' ਬਣ ਰਹੇ ਹਨ। ਕੰਪਨੀਆਂ ਇਨ੍ਹਾਂ ਬੀਜਾਂ ਤੋਂ ਕਮਾਏ ਅੰਨ੍ਹੇ ਮੁਨਾਫ਼ੇ ਦੇ ਬਲ ਨਾਲ ਸਾਡੇ ਖਾਥ ਅਦਾਰਿਆਂ ਦੇ ਅਨੇਕਾਂ ਵਿਗਿਆਨੀਆਂ ਨੂੰ ਆਪਣੇ ਨਾਲ ਰਲਾਉਣ ਵਿਚ ਕਾਮਯਾਬ ਹੋ ਗਏ ਹਨ। ਸਿੱਟੇ ਵਜੋਂ ਅਜਿਹੇ ਖੇਤੀ ਵਿਗਿਆਨੀ ਇਨ੍ਹਾਂ ਬੀਜਾਂ ਦੇ ਸਾਰੇ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਕੇ ਇਨ੍ਹਾਂ ਦਾ ਅੰਨ੍ਹੇਵਾਹ ਗੁਣ-ਗਾਣ ਕਰੀ ਜਾ ਰਹੇ ਹਨ। ਅਜਿਹੀ ਹਾਲਤ ਵਿਚ ਹੁਣ ਸਾਰੀਆਂ ਲੋਕ ਹਿੱਤੂ, ਕੁਦਰਤ ਪੱਖੀ ਤੇ ਕਿਸਾਨ ਹਿਤੈਸ਼ੀ ਤਾਕਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਨ੍ਹਾਂ ਬੀਜਾਂ ਦਾ ਖੁੱਲ੍ਹਾ ਵਿਰੋਧ ਕਰਨ ਲਈ ਚੇਤਨਾ ਤੇ ਜਥੇਬੰਦਕ ਤਾਕਤ ਖੜ੍ਹੀ ਕਰਨ। ਇਥੇ ਇਹ ਸਮਝਣਾ ਬਹੁਤ ਲਾਜ਼ਮੀ ਹੈ ਕਿ ਬੀਟੀ ਬੀਜ ਆਖ਼ਿਰ ਹੈ ਕੀ ? ਇਹਦਾ ਕੀ ਨਫਾ -ਨੁਕਸਾਨ ਹੈ? ਅੱਜ ਦੇਸ਼ ਅੰਦਰ ਇਨ੍ਹਾਂ ਬੀਜਾਂ ਵਿਰੁੱਧ ਲੋਕ ਲਹਿਰ ਕਿਉਂ ਖੜ੍ਹੀ ਹੋ ਰਹੀ ਹੈ?

ਬੀਟੀ ਬੀਜ ਅਸਲ ਵਿਚ ਜੀ.ਐੱਮ. ਤਕਨੀਕ ਦੀ ਕਾਢ ਹਨ। ਇਸ ਤਹਿਤ ਇਕ ਪੌਦੇ, ਜਾਨਵਰਾਂ ਦਾ ਜੀਨ ਇਕ ਦੂਜੇ ਵਿਚ ਤਬਦੀਲ ਕੀਤਾ ਜਾਂਦਾ ਹੈ। ਜਿਹੜਾ ਕਿ ਅਸਲੋਂ ਹੀ ਗੈਰਕੁਦਰਤੀ ਵਰਤਾਰਾ ਹੈ। ਇਸ ਦਾ ਮੁੱਖ ਮੰਤਵ ਪੌਦਿਆਂ ਅੰਦਰ ਕੋਈ ਖਾਸ ਗੁਣ ਪੈਦਾ ਕਰਨਾ ਹੈ। ਬੀ.ਟੀ. ਨਰਮੇ ਦੇ ਮਾਮਲੇ ਵਿਚ ਬੈਸੀਲਿਸ ਥੁਰੈਂਜਿਸ ਨਾਂਅ ਦੇ ਬੈਕਟੀਰੀਆ ਵਿਚੋਂ ਕੱਢਿਆ ਗਿਆ ਕਰਾਈ-ਵਨ ਏਸੀ ਟਾਕਸਿਨ (ਜ਼ਹਿਰ) ਪੈਦਾ ਕਰਨ ਵਾਲਾ ਜੀਨ ਨਰਮੇ ਦੇ ਪੌਦੇ ਵਿਚ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਨਰਮੇ ਦੇ ਪੌਦੇ ਦੇ ਹਰ ਭਾਗ ਵਿਚ ਜ਼ਹਿਰ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਕੰਪਨੀ ਦਾ ਦਾਅਵਾ ਸੀ ਕਿ ਇਸ ਦੇ ਪੱਤੇ ਖਾ ਕੇ ਕੀੜੇ ਮਰ ਜਾਣਗੇ ਜਿਸ ਕਰਕੇ ਫਸਲ ਕੀੜਿਆਂ ਤੋਂ ਮੁਕਤ ਰਹੇਗੀ, ਕਿਸਾਨਾਂ ਨੂੰ ਕੀੜੇਮਾਰ ਜ਼ਹਿਰਾਂ ਦਾ ਛਿੜਕਾਅ ਨਹੀਂ ਕਰਨਾ ਪਵੇਗਾ। ਪਰ ਕੰਪਨੀ ਦਾ ਇਹ ਦਾਅਵਾ ਉੱਕਾ ਹੀ ਗਲਤ ਸਾਬਿਤ ਹੋਇਆ। ਦੁਨੀਆਂ ਭਰ ਵਿੱਚ ਕੀਤੇ ਗਏ ਅਧਿਐਨਾਂ ਤੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਜਿੱਥੈ ਅਮਰੀਕਨ ਸੁੰਡੀ ਨੇ ਬੀਟੀ ਨਰਮੇਂ ਖਿਲਾਫ਼ ਪ੍ਰਤੀਰੋਧੀ ਤਾਕਤ ਹਾਸਿਲ ਕਰ ਲਈ ਹੈ ਊੱਥੇ ਹੀ ਤੇਲੇ ਚੇਪੇ ਅਤੇ ਤੰਬਾਕੂ ਦੀ ਸੁੰਡੀ ਵਰਗੇ ਘੱਟ ਨੁਕਸਾਨ ਕਰਨ ਵਾਲੇ ਕੀੜੈ ਵਧੇਰੇ ਤਾਕਤਵਰ ਹੋ ਕੇ ਨਰਮਾਂ ਉਤਪਾਦਕ ਕਿਸਾਨਾਂ ਲਈ ਨਵੀਂ ਮੁਸੀਬਤ ਗਏ ਹਨ । ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਬੀਜ ਬੀਜਣ ਉਪਰੰਤ ਵੀ ਟਰੈਸਰ ਵਰਗੇ ਮਹਿੰਗੇ ਕੀਟਨਾਸ਼ਕ ਛਿੜਕਣੇ ਪਏ। ਇਹ ਵੀ ਦੱਸਣਯੋਗ ਹੈ ਕਿ ਹਰੀਕ੍ਰਾਂਤੀ ਦੇ ਨਾਂਅ 'ਤੇ ਦਿੱਤੇ ਗਏ ਕਥਿਤ ਸੁਧਰੇ ਬੀਜ ਆਮ ਦੇਸੀ ਬੀਜਾਂ ਨਾਲੋਂ ਕਈ ਗੁਣਾਂ ਵੱਧ ਪਾਣੀ ਮੰਗਦੇ ਹਨ, ਅਤੇ ਬੀਟੀ ਬੀਜ ਇਸ ਮਾਮਲੇ ਵਿਚ ਇਨ੍ਹਾਂ ਤੋਂ ਵੀ ਜ਼ਿਆਦਾ ਪਾਣੀ ਦੀ ਖਪਤ ਕਰਦੇ ਹਨ। ਇਸ ਕਰਕੇ ਪਾਣੀ ਸੰਕਟ ਨੂੰ ਹੋਰ ਗੰਭੀਰ ਕਰਨ ਵਿਚ ਇਨ੍ਹਾਂ ਬੀਜਾਂ ਦਾ ਵੀ ਵੱਡਾ ਯੋਗਦਾਨ ਹੈ।

ਬਹੁਕੌਮੀ ਕੰਪਨੀਆਂ ਦੀ ਲੁੱਟ
ਅਸਲ ਵਿਚ ਇਹ ਸਾਰੀ ਖੇਡ ਇੱਕ ਗਿਣੀ-ਮਿਥੀ ਸ਼ਾਜਿਸ਼ ਦਾ ਨਤੀਜ਼ਾ ਹੈ ਤੇ ਉਹ ਸ਼ਾਜਿਸ਼ ਹੈ ਭਾਰਤੀ ਖੇਤੀ 'ਤੇ ਕਬਜ਼ਾ ਕਰਨ ਦੀ। ਇਥੋਂ ਦੇ ਕਿਸਾਨਾਂ ਦੇ ਰਵਾਇਤੀ ਗਿਆਨ, ਦੇਸੀ ਬੀਜਾਂ, ਦੇਸੀ ਪਸ਼ੂ ਧਨ ਅਤੇ ਕੁਦਰਤੀ ਸੋਮਿਆਂ 'ਤੇ ਆਪਣਾ ਅਧਿਕਾਰ ਜਮਾ ਕੇ ਉਨ੍ਹਾਂ ਦੀ ਖੇਤੀ ਨੂੰ ਸਾਮਰਾਜੀ ਤਾਕਤਾਂ ਅਤੇ ਬਹੁਕੌਮੀ ਕੰਪਨੀਆਂ ਦੀ ਗੁਲਾਮ ਬਣਾਂਉਣ ਦੀ। ਜੇਕਰ ਅਸੀਂ ਥੋੜਾ ਜਿਹਾ ਵੀ ਧਿਆਨ ਨਾਲ ਦੇਖੀਏ ਤਾਂ ਇਸ ਵੇਲੇ ਖੇਤੀ ਵਿਚ ਇਸਤੇਮਾਲ ਹੋਣ ਵਾਲੇ ਰਸਾਇਣਾਂ, ਖਾਦਾਂ ਅਤੇ ਬੀਜਾਂ 'ਤੇ ਪੱਛਮੀਂ ਕੰਪਨੀਆਂ ਦ ਏਕਾਧਿਕਾਰ ਸਥਾਪਿਤ ਹੋ ਰਿਹਾ ਹੈ। ਦੁਨੀਆਂ ਭਰ ਦਾ 73 ਪ੍ਰਤੀਸ਼ਤ ਕੀਟਨਾਸ਼ਕ ਤੇ 30 ਬੀਜ ਵਪਾਰ ਇਨ੍ਹਾਂ ਮੁੱਠੀ ਭਰ ਬਹੁਕੌਮੀ ਕੰਪਨੀਆਂ ਮੌਨਸਾਂਤੋ, ਡੂਪੋਂਟ, ਕਾਰਗਿਲ, ਬਾਇਰ, ਨੋਵਾਰਿਟਸ, ਡੀਨੋਸਿਲ, ਗਰੁਪੇਲੀਮੇਗਰਿਨ ਆਦਿ ਦੇ ਹੱਥਾਂ ਵਿਚ ਜਾ ਚੁੱਕਿਆ ਹੈ।
ਮੌਨਸੈਂਟੋ, ਮਹੀਕੋ ਵਰਗੀਆਂ ਦੁਨੀਆਂ ਭਰ ਦੀਆਂ ਅਨੇਕਾਂ ਛੋਟੀਆਂ ਬੀਜ ਕੰਪਨੀਆਂ ਨੂੰ ਧੜ੍ਹਾਧੜ੍ਹ ਖਰੀਦ ਕੇ ਆਪਣੇ ਸਾਮਰਾਜ ਦਾ ਵਿਸਥਾਰ ਕਰ ਰਹੀ ਹੈ। ਇਹ ਕੰਪਨੀ ਅਸਲ ਵਿਚ ਰਸਾਇਣਕ ਹਥਿਆਰ ਬਣਾਉਣ ਵਾਲੀ ਕੰਪਨੀ ਸੀ, ਅਮਰੀਕਾ ਵੱਲੋਂ ਵੀਅਤਨਾਮ ਵਿਚ ਵਰਤੇ ਗਏ ਰਸਾਇਣਕ ਹਥਿਆਰ ਏਜੰਟ ਔਰੇਂਜ (2-4ਡੀ ਔਰਗੈਨੋਫਾਸ) ਇਸੇ ਮੋਨਸੈਂਟੋ ਕੰਪਨੀ ਦੁਆਰਾ ਬਣਾਏ ਗਏ ਸਨ। ਉਸੇ ਰਸਾਇਣ ਨੂੰ ਹੁਣ ਇਹ ਕੰਪਨੀ ਰਾਊਂਡਅੱਪ ਦੇ ਨਾਂਅ ਥੱਲੇ ਖੇਤੀ ਲਈ ਕਿਸਾਨਾਂ ਕੋਲ ਵੇਚ ਰਹੀ ਹੈ। ਰਸਾਇਣਾਂ ਤੋਂ ਬਾਅਦ ਇਹ ਕੰਪਨੀ ਹੁਣ ਬੀਜ ਵਪਾਰ 'ਤੇ ਅੱਖ ਟਿਕਾਈ ਬੈਠੀ ਹੈ ਤੇ ਇਸ ਖੇਤਰ ਵਿਚ ਆਪਣੀ ਸਰਦਾਰੀ ਕਾਇਮ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ।

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਬੀਟੀ ਨਰਮੇ ਦਾ ਖਾਸਾ ਬੋਲ ਬਾਲਾ ਹੈ। ਇਹ ਬੀਜ ਵੀ ਮੋਨਸੈਂਟੋ ਦਾ ਹੀ ਪੇਟੇਂਟ ਹੈ। ਮੋਨਸੈਂਟੋ ਨੇ ਭਾਰਤੀ ਬੀਜ ਕੰਪਨੀ ਮਾਹੀਕੋ ਨੂੰ ਖਰੀਦਣ ਤੋਂ ਬਾਅਦ ਭਾਰਤ ਵਿਚ ਬੀਜ ਵਪਾਰ ਵਿਚ ਪ੍ਰਵੇਸ਼ ਕੀਤਾ। ਬੀ.ਟੀ. ਬੀਜਾਂ ਦੇ ਨਾਂਅ 'ਤੇ ਭਾਰਤੀ ਕਿਸਾਨਾਂ ਨੂੰ ਰੱਜ ਕੇ ਲੁੱਟਿਆ ਗਿਆ ਹੈ। ਪਹਿਲੇ ਸਾਲ ਇਹ ਬੀਜ 1700 ਰੁ ਪਏ ਪ੍ਰਤੀ ਬੈਗ (450ਗ੍ਰਾਮ) ਦੇ ਭਾਅ ਵੇਚਿਆ ਗਿਆ। ਇਸ ਵਿਚ 1300 ਰੁਪਏ ਮਾਹੀਕੋ ਦੀ ਰਾਇਲਟੀ ਸੀ। ਬਾਅਦ ਵਿਚ ਆਂਧਰਾ ਪ੍ਰਦੇਸ਼ ਅਤੇ ਕੁਝ ਹੋਰ ਰਾਜਾਂ ਦੇ ਕਿਸਾਨਾਂ ਦੇ ਵਿਰੋਧ ਕਰਕੇ ਮੋਨਸੈਂਟੋ ਨੇ ਬੀਜ ਦਾ ਭਾਅ ਘਟਾ ਦਿੱਤਾ। ਪਰ ਇਹ ਨਿਰਾ ਛਲਾਵਾ ਸੀ, ਕਿਉਂਕਿ ਹੁਣ ਕੰਪਨੀ ਨੇ ਬੀਜ ਦੁੱਗਣਾ ਵਰਤਣ ਦੀ ਸਲਾਹ ਦਿੱਤੀ ਹੈ। ਕਿਸਾਨ ਦੀ ਲੁੱਟ ਜਾਰੀ ਹੈ। ਆਪਣੀ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਕੁਦਰਤ ਦੇ ਪੱਖ ਵਿਚ ਬੀਟੀ ਬੈਂਗਣ ਤੇ ਇਸ ਵਰਗੀਆਂ ਹੋਰ ਬੀ.ਟੀ. ਫਸਲਾਂ ਦਾ ਵਿਰੋਧ ਤੇ ਬਾਈਕਾਟ ਕਰਨਾ ਹਰੇਕ ਕੁਦਰਤ ਪ੍ਰੇਮੀ ਦਾ ਮੁੱਢਲਾ ਫਰਜ਼ ਹੈ। ਸੋ, ਇਹ ਪ੍ਰਤਿੱਗਿਆ ਕਰਨੀ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਪਿੰਡ ਵਿਚ ਬੀਟੀ ਫਸਲਾਂ ਨੂੰ ਘੁਸਪੈਠ ਨਹੀਂ ਕਰਨ ਦੇਵਾਗੇ।

ਪਾਣੀ ਦੀ ਬਰਬਾਦੀ ਅਤੇ ਉਸਦਾ ਬਜ਼ਾਰੀਕਰਨ
ਪੰਜਾਬ ਬੇਆਬ ਹੁੰਦਾ ਜਾ ਰਿਹਾ ਹੈ। ਜਾਂ ਤਾਂ ਪੰਜਾਬ 'ਚ ਪਾਣੀ ਮੁੱਕਦਾ ਜਾ ਰਿਹਾ ਹੈ ਜਾਂ ਫਿਰ ਜ਼ਹਿਰੀਲਾਂ ਹੁੰਦਾ ਜਾ ਰਿਹਾ ਹੈ। ਸਾਡੇ ਜਲ ਸੋਮੇਂ ਸੁੱਕ ਗਏ ਨੇ ਤੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ। ਸਾਡੇ ਮੰਡ ਅਤੇ ਢਾਬ ਬਰਬਾਦ ਹੋ ਚੁੱਕੇ ਹਨ। ਸਾਡੀਆਂ ਬੇਈਂਆ ਤੇ ਨਦੀਆਂ 'ਚ ਜੀਵਨ ਦੇਣ ਵਾਲਾ ਪਾਣੀ ਨਹੀਂ ਸਗੋਂ ਬਿਮਾਰੀ ਅਤੇ ਮੌਤ ਦੇਣ ਵਾਲਾ ਜ਼ਹਿਰ ਅਤੇ ਸੀਵਰ ਵਗ ਰਿਹਾ ਹੈ। ਇੱਕ ਪਾਸੇ ਪਾਣੀ ਬਰਬਾਦ ਹੋਇਆ ਹੈ ਤੇ ਦੂਜੇ ਪਾਸੇ ਉਸਨੂੰ ਬਜ਼ਾਰ ਦੀ ਵਸਤ ਬਣਾ ਦਿੱਤਾ ਗਿਆ ਹੈ। ਹੁਣ ਪਾਣਂੀ ਸਿਰਫ ਪਾਣੀ ਨਹੀਂ ਰਹਿ ਗਿਆ ਸਗੋਂ ਇਹ, ਪਾਣੀ, ਪੀਣ ਵਾਲਾ ਪਾਣੀ ਅਤੇ ਪੀਣ ਵਾਲੇ ਸੁੱਧ ਪਾਣੀ ਜਿਹੇ ਵਰਗਾਂ 'ਚ ਵੰਡਿਆ ਜਾ ਚੁੱਕਾ ਅਤੇ ਪੀਣ ਵਾਲੇ ਸੁੱਧ ਪਾਣੀ ਉੱਤੇ ਬਜ਼ਾਰ ਤੇ ਬਹੁਕੌਮੀ ਕੰਪਨੀਆਂ ਦਾ ਕਬਜਾ ਹੈ।

ਬੀਤੇ ਕੁੱਝ ਸਾਲਾਂ ਦੌਰਾਨ ਉਦਾਰੀਕਰਨ ਦੇ ਨਾਂਅ 'ਤੇ ਪਾਣੀ ਸਬੰਧੀ ਵੀ ਅਜਿਹੇ ਕਾਨੂੰਨ, ਨਿਰਮਤ ਕੀਤੇ ਜਾ ਰਹੇ ਹਨ ਜਿਹੜੇ ਪਾਣੀ ਉਪਰ ਬਾਜ਼ਾਰ ਦੀ ਅਜ਼ਾਰੇਦਾਰੀ ਸਥਾਪਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਨ। ਵੇਖਣ ਨੂੰ ਭਾਵੇਂ ਸਰਕਾਰ ਵੱਲੋਂ ਪਾਣੀ ਸਬੰਧੀ ਲਏ ਗਏ ਫੈਸਲੇ ਸਮਾਜ ਪੱਖੀ ਲਗਦੇ ਹਨ, ਪਰ ਅੱਗੇ ਚੱਲ ਕੇ ਇਹ ਸਾਡੇ ਲਈ ਬਹੁਤ ਖਤਰਨਾਕ ਸਿੱਧ ਹੋਣਗੇ, ਕਿਉਂਕਿ ਪਾਣੀ ਦਾ ਨਿੱਜੀਕਰਨ /ਨਿਗਮੀਕਰਨ ਅਜਿਹੇ ਕਾਨੂੰਨਾਂ ਦਾ ਅੰਤਿਮ ਉਦੇਸ਼ ਹੈ। ਜੇਕਰ ਇੰਝ ਹੁੰਦਾ ਹੈ ਤਾਂ ਜ਼ਰ੍ਹਾ ਸੋਚੋ, ਕੀ ਅਸੀਂ ਭਵਿੱਖ ਵਿਚ ਪਿਆਊ ਲਾ ਸਕਾਂਗੇ? ਇਹ ਸਾਡੇ ਵਿਰਸੇ, ਰੀਤੀ-ਰਿਵਾਜ਼ਾਂ ਅਤੇ ਪ੍ਰੰਪਰਾਵਾਂ ਨੂੰ ਢਹਿ ਢੇਰੀ ਕਰਨ ਦੀ ਡੂੰਘੀ ਸ਼ਾਜ਼ਿਸ਼ ਹੈ। ਜਿੱਥੇ ਇਨ੍ਹਾਂ ਕਾਨੂੰਨਾਂ/ਨਿਯਮਾਂ ਦਾ ਵਿਰੋਧ ਕਰਨਾ ਸਾਡਾ ਮੁੱਢਲਾ ਫਰਜ਼ ਬਣ ਜਾਂਦਾ ਹੈ , ਉਥੇ ਪਾਣੀ ਦੇ ਸੋਮਿਆਂ ਦੀ ਠੀਕ ਤਰ੍ਹਾਂ ਸਾਂਭ-ਸੰਭਾਲ, ਪ੍ਰਬੰਧਨ ਤੇ ਸੁਚੱਜ ਭਰਪੂਰ ਵਰਤੋਂ ਸਾਡੀ ਪ੍ਰਮੁ ੱਖਤਾ ਹੋਣੀ ਚਾਹੀਦਾ ਹੈ। ਪਾਣੀ ਦੇ ਕੁਦਰਤੀ ਸਰੋਤਾਂ ਨੂੰ ਜਿਉਂਦੇ ਰੱਖਣ ਲਈ ਇਨ੍ਹਾਂ ਨੂੰ ਰੀਚਾਰਜ ਕਰਨ ਦੀ ਸੁਚੱਜੀ ਵਿਉਂਤਬੰਦੀ ਬੇਹੱਦ ਜ਼ਰੂਰੀ ਹੈ। ਇਸ ਪ੍ਰਸੰਗ ਵਿਚ ਵਰਖਾ ਦੇ ਪਾਣੀ ਨੂੰ ਇਕੱਠਾ ਕਰਨਾ ਇਕ ਵਡੇਰਾ ਕਾਰਜ ਹੈ ਤੇ ਨਾਲ ਹੀ ਛੱਪੜਾਂ ਅਤੇ ਤਾਲਾਬਾਂ ਦੀ ਪਵਿੱਤਰਤਾ ਅਤੇ ਮਹੋੱਤਵ ਨੂੰ ਮੁੜ ਬਹਾਲ ਕਰਨਾ ਵੀ ਬਹੁਤ ਜ਼ਰੁਰੀ ਹੈ। ਅਜਿਹੇ ਸਮੁਦਾਇਕ ਯਤਨ ਸਾਡੀ ਲੜਾਈ ਦਾ ਵੱਡਾ ਹਥਿਆਰ ਸਾਬਿਤ ਹੋਣਗੇ।

ਮਾਮਲਾ ਜੈਵਿਕ ਵੰਨ ਸੁਵੰਨਤਾ ਦਾ

ਸਾਡੀ ਜੈਵਿਕ ਵੰਨ-ਸੁਵੰਨਤਾ ਵੀ ਖਤਰੇ ਵਿਚ ਹੈ। ਅਨੇਕ ਤਰ੍ਹਾਂ ਦੇ ਪੇੜ ਪੌਦਿਆਂ ਅਤੇ ਜੀਵ ਜੰਤੂਆਂ ਦੀਆਂ ਅਨੇਕਾਂ ਨਸਲਾਂ ਜਾਂ ਤਾਂ ਅਲੋਪ ਹੋ ਚੁੱਕੀਆਂ ਹਨ ਤੇ ਜਾਂ ਅਲੋਪ ਹੋਣ ਕਿਨਾਰੇ ਹਨ। ਗੰਡੋਏ, ਘੁਮਾਰ, ਚੀਚ ਵਹੁਟੀਆਂ, ਮਧੂ ਮੱਖੀਆਂ, ਤਿਤਲੀਆਂ, ਗਿੱਧਾਂ, ਉੱਲੂਆਂ, ਇੱਲਾਂ, ਚਿੜੀਆਂ (7000 ਕਿਸਮਾਂ ਦੀਆਂ), ਤੋਤੇ, ਕਾਂ, ਸੱਪ, ਡੱਡੂ ਅਤੇ ਹੋਰ ਅਨੇਕਾਂ ਮਾਸਾਹਾਰੀ ਜੀਵ-ਜੰਤੂ ਤੇਜੀ ਨਾਲ ਖਤਮ ਹੁੰਦੇ ਜਾ ਰਹੇ ਹਨ। ਲਗਦਾ ਹੈ ਅਸੀਂ ਹੌਲੀ-ਹੌਲੀ ਸਮੂਹਿਕ ਮੌਤ ਵਲ ਵਧ ਰਹੇ ਹਾਂ। ਚਾਲੀ ਸਾਲ ਪਹਿਲਾਂ ਕਣਕ, ਚੌਲ ਤੇ ਹੋਰ ਫਸਲਾਂ ਦੀਆਂ ਹਜ਼ਾਰਾਂ ਕਿਸਮਾਂ ਸਾਡੇ ਦੇਸ਼ ਦੀ ਅਮੀਰ ਜੈਵ ਭਿੰਨਤਾ ਦਾ ਹਿੱਸਾ ਸਨ। ਦੁਨੀਆਂ ਭਰ ਦੇ 12 ਮੁੱਖ ਜੈਵ ਭਿੰਨਤਾ ਕੇਂਦਰਾਂ ਵਿਚੋਂ ਤਿੰਨ ਦਾ ਭਾਰਤ ਵਿਚ ਹੋਣਾ ਇਸ ਗੱਲ ਦਾ ਠੋਸ ਪਰਮਾਣ ਹੈ। ਅਫਸੋਸ ਦੀ ਗੱਲ ਹੈ ਕਿ ਅੱਜ ਸਾਡੀ ਜੈਵਿਕ ਵੰਨ-ਸੁਵੰਤਨਤਾ ਉਪਰ ਬਹੁਕੌਮੀ ਕੰਪਨੀਆਂ ਨੇ ਚੌਤਰਫਾ ਹੱਲਾ ਬੋਲ ਦਿੱਤਾ ਹੈ। ਬੜੀ ਤੇਜੀ ਨਾਲ ਸਾਡੇ ਬੀਜਾਂ ਤੇ ਜੈਵਿਕ ਵਿਭਿੰਨਤਾ ਅਤੇ ਇਨ੍ਹਾਂ ਨਾਲ ਜੁੜੇ ਗਿਆਨ ਦਾ ਨਿੱਜੀਕਰਨ ਤੇ ਕੰਪਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਕਾਫੀ ਹੱਦ ਤੱਕ ਪਹਿਲਾਂ ਹੀ ਕਾਮਯਾਬ ਹੋ ਚੁੱਕੀਆਂ ਹਨ ਤੇ ਅਸੀਂ ਆਪਣੀ ਬੀਜ ਵਿਰਾਸਤ ਦਾ ਵੱਡਾ ਹਿੱਸਾ ਆਪਣੇ ਹੱਥੋਂ ਗੁਆ ਚੁੱਕੇ ਹਾਂ। ਇਸ ਸਾਜਿਸ਼ ਨੂੰ ਸਫਲ ਬਣਾਉਣ ਦੀ ਪ੍ਰਕਿਰਿਆ ਵਿਸ਼ਵ ਵਪਾਰ ਸੰਸਥਾ ਦੇ ਪੇਟੇਂਟ ਕਾਨੂੰਨਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਭਾਰਤ ਸਕਰਾਰ ਵੱਲੋਂ ਬਣਾਏ ਗਏ ਨਵੇਂ 'ਕਾਲੇ ਕਾਨੂੰਨਾਂ' ਤੱਕ ਜਾ ਪੁੱਜਦੀ ਹੈ। ਭਾਰਤ ਸਰਕਾਰ ਵੱਲੋਂ ਘੜ੍ਹੇ ਗਏ ਪੇਟੈਂਟ ਕਾਨੂੰਨ, ਜੈਵਿਕ ਭਿੰਨਤਾ ਕਾਨੂੰਨ, ਪਲਾਂਟ ਵਰਾਇਟੀ ਪ੍ਰੋਟੈਕਸ਼ਨ ਐਕਟ, ਬੀਜ ਕਾਨੂੰਨ ਆਦਿ ਵਰਗੇ ਕੋਈ 30 ਕਾਨੂੰਨ/ਨਿਯਮ ਏਸੇ ਵਰਗ ਵਿਚ  ਆਉਂਦੇ ਹਨ। ਬੀਜਾਂ ਦੀ ਇਹ ਗੁਲਾਮੀ ਸਾਡੀ ਅੰਨ ਸੁਰੱਖਿਆ ਤੇ ਬੀਜਾਂ ਉਪਰ ਕਿਸਾਨਾਂ ਦੀ ਖੁਦਮੁਖਤਾਰੀ ਨੂੰ ਨੇਸਤੋ- ਨਾਬੁਦ ਕਰਕੇ ਸਾਡੇ ਦੇਸ਼ ਦੀ ਪ੍ਰਭੂਸੱਤਾ ਲਈ ਖਤਰੇ ਸਹੇੜ ਰਹੀ ਹੈ। ਪਿਛਲੇ ਦੋ ਦਹਾਕਿਆਂ ਤੋਂ ਸਾਡੇ ਦੇਸ਼ ਵਿਚ ਜੰਗਲਾਂ ਅਤੇ ਖੇਤੀ ਸਬੰਧੀ ਵੱਡੇ ਨੀਤੀਗਤ ਬਦਲਾਅ ਕੀਤੇ ਜਾ ਰਹੇ ਹਨ। ਅਜੇਹੇ ਅਨੇਕਾਂ ਕਾਨੂੰਨ ਅਤੇ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ ਜੋ ਜੰਗਲਾਂ ਅਤੇ ਖੇਤੀ ਵਿਚ ਉਗਾਈਆਂ ਜਾਣ ਵਾਲੀਆਂ ਫਸਲੀ ਪ੍ਰਜਾਤੀਆਂ ਉਪਰ ਫੈਸਲਾਕੁਨ ਅਸਰ ਪਾਉਣ ਵਾਲੀਆਂ ਹਨ। ਉਪਰੋਂ ਦੇਖਿਆਂ ਤਾਂ ਏਦਾ ਜਾਪਦਾ ਹੈ ਕਿ ਇਹ ਕਾਨੂੰਨ ਖੇਤੀ,ਜੰਗਲਾਂ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਉਚਿਤ ਵਰਤੋਂ ਲਈ ਬਣਾਏ ਜਾ ਰਹੇ ਹਨ। ਪਰ ਜੇਕਰ ਇਨ੍ਹਾਂ ਕਾਨੂੰਨਾਂ ਅਤੇ ਨੀਤੀਆਂ ਨੂੰ ਡੂੰਘਾਈ ਅਤੇ ਪਾਰਖੂ ਅੱਖ ਨਾਲ ਦੇਖਿਆ ਜਾਵੇ ਤਾ ਸਪਸ਼ਟ ਹੋ ਜਾਦਾ ਹੈ ਕਿ ਇਹ ਤਬਦੀਲੀਆ ਖੇਤੀ,ਜੰਗਲਾਂ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਮੁਨਾਫੇ ਕਮਾਉਣ ਅਤੇ ਆਪਣੇ ਸਰਮਾਏ ਨੂੰ ਵਧਾਉਣ ਦੀ ਲਾਲਸਾ ਨਾਲ ਕੀਤੀਆਂ ਜਾ ਰਹੀਆਂ ਹਨ।  ਇਨ੍ਹਾਂ ਕਾਨੂੰਨਾਂ ਅਤੇ ਨੀਤੀਆਂ ਰਾਹੀਂ ਖੇਤੀ,ਜੰਗਲਾਂ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਆਪਣੇ ਕਬਜ਼ੇ ਵਿਚ ਕੀਤਾ ਜਾ ਰਿਹਾ ਹੈ ਤਾਂਕਿ ਉਨ੍ਹਾਂ ਨੂੰ ਦੋਹੀਂ ਹਥੀਂ ਲੁਟਿਆ ਜਾ ਸਕੇ। ਇਸ ਪ੍ਰਕਿਰਿਆ ਨੂੰ ਚਲਾਉਣ ਲਈ ਨਵੇਂ ਸੰਸਥਾਗਤ ਢਾਂਚੇ ਅਤੇ ਵਿਵਸਥਵਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਫੈਸਲਿਆਂ ਵਿਚ ਸਬੰਧਤ ਆਮ ਲੋਕਾਂ ਨੂੰ ਕਿਸੇ ਵੀ ਪੱਧਰ ਤੇ ਸ਼ਾਮਿਲ ਕਰਨਾ ਤਾਂ ਦੂਰ, ਉਨ੍ਹਾਂ ਨੂੰ ਪੁਛਿਆ ਤੱਕ ਨਹੀਂ ਜਾ ਰਿਹਾ। ਇਸ ਦੇ ਨਾਲ ਹੀ ਜਲ, ਜੰਗਲ, ਜ਼ਮੀਨ ਨਾਲ ਜੁੜੇ ਸਾਰੇ ਸਮਾਜਿਕ ਨਿਯਮਾਂ, ਰੀਤੀ ਰਿਵਾਜਾਂ ਅਤੇ ਹੋਰ ਬਚਾਅ ਸਾਧਨਾ ਨੂੰ ਵਿਧੀਵਤ ਢੰਗ ਨਾਲ ਤੋੜਿਆ ਅਤੇ ਤਹਿਸ ਨਹਿਸ ਕੀਤਾ ਜਾ ਰਿਹਾ ਹੈ।

ਬਿਮਾਰੀਆਂ ਦੀ ਭਰਮਾਰ
ਜਿੱਥੋਂ ਤੱਕ ਗੱਲ ਸਿਹਤਾਂ ਦੀ ਹੈ ਤਾਂ ਤਸਵੀਰ ਬੜੀ ਭਿਆਨਕ ਹੈ। ਮਨੁੱਖ ਦੇ ਨਾਲ ਨਾਲ ਸਭ ਜੀਵ ਜੰਤੂਆਂ ਦਾ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਸ਼ਕਤੀ) ਗੜਬੜਾ ਗਿਆ ਹੈ। ਬੱਚੇ ਜਮਾਂਦਰੂ ਬਿਮਾਰ ਪੈਦਾ ਹੋ ਰਹੇ ਹਨ। ਚੌਗਿਰਦੇ 'ਚ ਆਏ ਵਿਗਾੜਾਂ ਕਾਰਨ ਮਨੁੱਖਾਂ ਅਤੇ ਪਸ਼ੂ-ਪੰਛੀਆਂ ਦੀ ਪ੍ਰਜਣਨ ਸਮਰੱਥਾ ਵੀ ਲਗਾਤਾਰ ਘਟ ਰਹੀ ਹੈ। ਅੱਜ ਔਸਤ ਪੱਖੌਂ ਪੰਜਬ ਦੇਸ਼ ਦਾ ਨੰਬਰ ਇਕ ਕੈਂਸਰ ਗ੍ਰਸਤ ਸੂਬਾ ਹੈ। ਪੀ ਜੀ ਆਈ ਚੰਡੀਗੜ੍ਹ ਦੀ ਇੱਕ ਸਟਡੀ ਦੇ ਪੂਰਕ ਆਂਕੜੇ ਸਪਸ਼ਟ ਰੂਪ ਵਿੱਚ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਪੰਜਾਬ ਦੇ ਉਹ ਖਿੱਤੇ ਜਿੱਥੇ ਰਸਾਇਣਕ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ ਜਾਂ ਕੀਤੀ ਗਈ ਹੈ ਉੱਥੇ ਕੈਂਸਰ ਦੇ ਮਾਮਲੇ ਜਿਆਦਾ ਪਾਏ ਗਏ ਹਨ। ਪੰਜਾਬ ਵਿਚ ਮੰਦਬੁਧੀ ਬੱਚੇ ਅਤੇ ਵੱਡੀ ਗਿਣਤੀ ਵਿਚ ਪੈਦਾ ਹੋ ਰਹੇ ਹਨ। ਅੱਜ ਪੰਜਾਬ ਪ੍ਰਜਨਣ ਰੋਗਾਂ ਨਾਲ ਬੁਰੀ ਤਰ੍ਹਾਂ ਘਿਰ ਚੁੱਕਾ ਹੈ। ਹਾਲਾਤ ਇਹ ਨੇ ਕਿ ਪੰਜਾਬ ਵਿੱਚ ਆਪਣੇ ਆਪ ਗਰਭ ਡਿੱਗ ਜਾਣ ਦੀਆਂ ਘਟਨਾਵਾਂ-ਮਿਸਕੈਰਿਜ (ਸ਼ੁਰੂਆਤੀ ਗਰਭ ਦਾ ਡਿੱਗ ਜਾਣਾ) ਅਤੇ ਸਪੋਂਟੇਨੀਅਸ ਅਬਾਰਸ਼ਨਜ (ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਗਰਭਪਾਤ ਹੋ ਜਾਣਾ) ਖ਼ਤਰਨਾਂਕ ਦਰ ਤੱਕ ਵਧ ਚੁੱਕੇ ਹਨ। ਜੋ ਗਰਭ ਇਹਨਾਂ ਤੋਂ ਬਚਦੇ ਹਨ ਉਹਨਾਂ ਤੋਂ ਮਰੇ ਹੋਏ ਬੱਚੇ ਪੈਦਾ ਦੀਆਂ ਘਟਨਾਵਾਂ ਬੇਤਹਾਸ਼ਾ ਵਧ ਰਹੀਆਂ ਹਨ। ਏਸੇ ਤਰ੍ਹਾਂ ਜਨਮ ਤੋਂ 10-15 ਦਿਨਾਂ ਅੰਦਰ ਬੱਚਿਆਂ ਦੇ ਮਰਨ ਦਾ ਪ੍ਰਤੀਸ਼ਤ ਵੀ ਖ਼ਤਰਨਾਕ ਸੰਕੇਤ ਦੇ ਰਿਹਾ ਹੈ। ਏਸੇ ਤਰ੍ਹਾਂ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਸਤਮਾਹੇ ਜਾਂ ਅਠਮਾਹੇ ਬੱਚਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੇ। ਬੱਚਿਆਂ 'ਚ ਜਮਾਂਦਰੂ ਹਰਨੀਆਂ ਗ੍ਰਸਤ, ਜਮਾਂਦਰੂ ਹੱਥ-ਪੈਰ ਵਿਹੂਣੇ (ਫੇਕੋਮੀਲੀਆ), ਪਤਾਲੂ ਅਤੇ ਅੰਡਕੋਸ਼ ਥੱਲੇ ਨਾ ਆਉਣੇ, ਹਾਈਪੋਸਪੀਡੀਆ, ਤਾਲੂਏ ਜਾਂ ਬੁੱਲ ਕਟੇ-ਫਟੇ ਹੋਣੇ (ਕਲੈਫਟ ਲਿਪ ਜਾਂ ਕਲੈਫਟਪੈਲਿਟ), ਸਰੀਰ ਦੇ ਕੁੱਝ ਖਾਸ ਹਿੱਸਿਆਂ ਜਿਵੇਂ ਪਿੱਠ ਅਤੇ ਗਰਦਨ 'ਤੇ ਜਮਾਂਦਰੂ ਫੋੜਿਆਂ ਅਤੇ ਦਿਮਾਗ ਵਿਹੂਣੇ ਨਿਊਰਲ ਟਿਊਬ ਡਿਫੈਕਟ ਜਮਾਂਦਰੂ ਮ੍ਰਿਤਕ ਬੱਚਿਆਂ ਦੀ ਔਸਤ ਪੱਖੋਂ ਵੀ ਪੰਜਾਬ ਵੱਡੇ ਪੱਧਰ 'ਤੇ ਸੰਕਟਗ੍ਰਸਤ ਰਾਜ ਬਣ ਚੁਕਾ ਹੈ। ਏਨਾਂ ਹੀ ਨਹੀਂ  ਪੰਜਬੀਆਂ ਦੇ ਵੀਰਯ ਵਿੱਚ ਸ਼ੁਕਰਾਣੂਆਂ ਦੀ ਸੰਖਿਆ ਵੀ 40 ਸਾਲ ਪਹਿਲਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਲੜਕੀਆਂ ਵਿੱਚ ਨਿਸ਼ਚਤ ਸਮੇਂ ਤੋਂ ਪਹਿਲਾਂ ਮਾਹਵਾਰੀ ਦਾ ਆਉਣਾਂ ਅਤੇ ਛਾਤੀਆਂ ਦੀਆਂ ਗੱਠਾਂ ਦਾ ਬਣਨਾ, ਨਿਸ਼ਚਤ ਉਮਰ ਤੋਂ ਪਹਿਲਾਂ ਹੀ ਮਹਾਵਾਰੀ ਦਾ ਰੁਕ ਜਾਣਾ ਅਤੇ ਅਨੇਕਾਂ ਹੀ ਅਜਿਹੀਆਂ ਹੋਰ ਸਿਹਤ ਸਮੱਸਿਆਵਾਂ ਦਾ ਹੜ੍ਹ ਆਇਆ ਹੋਇਆ ਹੈ। ਇਹ ਸਾਰੇ ਤੱਥ ਸਿਹਤਾਂ ਪੱਖੋਂ ਸਾਡੇ ਦਰਦਨਾਕ ਭਵਿੱਖ ਵੱਲ ਇਸ਼ਾਰਾ ਹੀ ਤਾਂ ਕਰ ਰਹੇ ਹਨ, ਇਸਦਾ ਸਿੱਧਾਂ ਅਰਥ ਇਹ ਹੈ ਕਿ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਖ਼ਤਰੇ ਵਿੱਚ ਹੈ। ਨਵੀਆਂ ਵਿੱਗਿਆਨਕ ਖੋਜ਼ਾਂ ਦੱਸਦੀਆਂ ਹਨ ਕਿ ਇਹਨਾਂ ਸਾਰੀਆਂ ਬਿਮਾਰੀਆਂ ਦਾ ਸੰਬੰਧ ਵਾਤਾਵਰਣ ਅਤੇ ਸਾਡੀ ਖ਼ੁਰਾਕ ਵਿੱਚ ਘਰ ਕਰ ਚੁੱਕੇ ਭਿਆਨਕ ਜ਼ਹਿਰਾਂ ਨਾਲ ਹੈ।

ਕੁਦਰਤੀ ਖੇਤੀ-ਖੁਸ਼ਹਾਲੀ ਤੇ ਅਜ਼ਾਦੀ ਦਾ ਪ੍ਰਤੀਕ

ਬਾਬੇ ਨਾਨਕ ਨੇ ਖੇਤੀ ਨੂੰ ਉਤਮ ਮੰਨਿਆ ਹੈ ਪਰ ਅਸੀਂ ਆਪਣੇ ਕੁਕਰਮਾ ਕਾਰਣ ਇਸ ਨੂੰ ਨਿਖਿੱਧ ਬਣਾ ਦਿੱਤਾ ਹੈ। ਖੇਤੀ ਸਾਡੀ ਖੁਦਮੁਖਤਾਰੀ, ਸਵੈ ਨਿਰਭਰਤਾ ਤੇ ਚਿਰੰਜੀਵੀ ਖੁਸ਼ਹਾਲੀ ਦਾ ਆਧਾਰ ਹੈ। ਸਾਡਾ ਖੇਤੀ ਇਤਿਹਾਸ 10 ਹਜ਼ਾਰ ਸਾਲਾਂ ਤੋਂ ਜ਼ਿਆਦਾ ਪੁਰਾਣਾ ਹੈ। ਦੁਨੀਆਂ ਵਿਚ ਖੇਤੀ ਸਬੰਧੀ ਪਹਿਲੇ ਗਰੰਥ ਇਸ ਦੇਸ਼ ਵਿਚ ਹੀ ਲਿਖੇ ਗਏ ਹਨ। ਜਦੋਂ ਯੂਰਪੀ ਲੋਕ ਪਸ਼ੂਆਂ ਦੀ ਖੱਲ ਤੇ ਪੱਤੇ ਲਪੇਟ ਕੇ ਤਨ ਢਕਦੇ ਸਨ, ਹਿੰਦੁਸਤਾਨ ਉਦੋਂ ਵੀ ਕੱਪੜੇ ਬਣਾਉਣ ਜਾਣਦਾ ਸੀ। ਉਹ ਸਾਡੀ ਖੇਤੀ ਦੇ ਅਮੀਰ ਵਿਰਸੇ ਦੇ ਨਾਲ ਨਾਲ ਸਾਡੀਆਂ ਪੇਂਡੂ ਕਾਰੀਗਰੀਆਂ ਦਾ ਪ੍ਰਤੀਕ ਸੀ। ਪਿਛਲੇ ਚਾਲੀਆਂ ਸਾਲਾਂ 'ਚ ਅਸੀਂ ਆਪਣੇ ਖੇਤੀ ਵਿਗਿਆਨ ਤੇ ਉਹਦੇ ਨਾਲ ਜੁੜੀ ਸਮਝ ਤੋਂ ਉੱਕਾ ਹੀ ਹੱਥ ਧੋ ਬੈਠੇ ਹਾਂ। ਖੇਤੀ ਵਿਚ ਵਰਤੇ ਜਾਣ ਵਾਲੇ ਜ਼ਹਿਰ ਏਨੀ ਕੁ ਮਾਤਰਾ ਤੱਕ ਪਹੁੰਚ ਗਏ ਨੇ ਕਿ ਉਨਾਂ ਨੇ ਸਾਡਾ ਪੌਣ ਪਾਣੀ ਤੇ ਜੀਵਨ, ਜ਼ਹਿਰੀਲਾ ਬਣਾ ਦਿੱਤਾ ਹੈ । ਇਹ ਜ਼ਹਿਰਾਂ ਸਾਡੇ ਖੂਨ ਤੋਂ ਲੈ ਕੇ ਸਾਡੀ ਮਾਂ ਦੇ ਦੁੱਧ ਤੱਕ ਘੁਸਪੈਠ ਕਰ ਚੁੱਕੀਆਂ ਹਨ। ਇਨ੍ਹਾਂ ਜ਼ਹਿਰਾਂ ਨੇ ਸਾਡੇ 'ਪਵਨੁ ਗੁਰੂ', 'ਪਾਣੀ ਪਿਤਾ' ਤੇ 'ਮਾਤਾ ਧਰਤਿ ਮਹਤੁ' ਨੂੰ ਤਾਂ ਬਰਬਾਦ ਕੀਤਾ ਹੀ ਹੈ ਸਾਡੀ ਪੇਂਡੂ ਆਰਥਿਕਤਾ ਨੂੰ ਵੀ ਭਾਰੀ ਢਾਅ ਲਾਈ ਹੈ। ਜ਼ਹਿਰਾਂ 'ਤੇ ਨਿਰਭਰ ਰਸਾਇਣਕ ਖੇਤੀ ਦੇ ਭਿਆਨਕ ਸਿੱਟਿਆਂ ਬਾਰੇ ਹਰੀ ਕ੍ਰਾਂਤੀ ਦੇ ਸ਼ੁਰੂਆਤੀ ਦੌਰ ਵਿਚ ਵੀ ਪਿੰਗਲਵਾੜੇ ਦੇ ਬਾਨੀ, ਭਗਤ ਪੂਰਨ ਸਿੰਘ ਨੇ ਆਪਣੀ ਦੂਰ ਦ੍ਰਿਸ਼ਟੀ ਭਰਪੂਰ ਸੋਚ ਰਾਹੀਂ ਇਸ ਖੇਤੀ ਮਾਡਲ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਸੀ ਤੇ ਉਨਾਂ੍ਹ ਨੇ ਜਿਹੜੀਆਂ ਚਿੰਤਾਵਾਂ ਜਾਹਿਰ ਕੀਤੀਆਂ ਸਨ, ਅੱਜ ਉਹੀ ਸਾਡੇ ਦਰਪੇਸ਼ ਹਨ। ਇਸ ਰਸਾਇਣਕ ਖੇਤੀ ਨੇ ਧਰਤੀ ਨੂੰ ਬੰਜਰ ਬਣਾ ਦਿੱਤਾ ਹੈ। ਪਿਛਲੇ ਚੰਦ ਕੁ ਸਾਲਾਂ ਵਿਚ ਯੂਰੀਆ, ਡੀਏਪੀ ਦੀ ਖਪਤ ਕਈ ਗੁਣਾਂ ਵਧੀ ਹੈ ਤੇ ਇਸਦੇ ਬਾਵਜੂਦ ਝਾੜ ਸਥਿਰ ਹੋ ਰਿਹਾ ਹੈ।

ਅੱਜ ਸਾਡਾ ਕਿਸਾਨ ਕੰਪਨੀਆਂ ਦਾ ਗ਼ਲਾਮ ਬਣ ਕੇ ਰਹਿ ਗਿਆ ਹੈ। ਸਾਡੀ ਖੇਤੀ ਇਹਨਾਂ ਕੰਪਨੀਆਂ ਦੁਆਰਾ ਨਿਰਮਤ ਰਸਾਇਣ ਖਾਦਾਂ ਤੇ ਕੀੜੇਮਾਰ ਜ਼ਹਿਰਾਂ 'ਤੇ ਨਿਰਭਰ ਕਰਦੀ ਹੈ। ਅੱਜ ਭਾਰਤ ਆਪਣੀ ਲੋੜ ਦੇ ਯੂਰੀਆ, ਫਾਸਫੋਰਸ ਤੇ ਪੋਟਾਸ਼ ਆਦਿ ਰਸਾਇਣਾਂ ਦਾ ਬਹੁਤ ਵੱਡਾ ਹਿੱਸਾ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ। ਸਿੱਟੇ ਵਜੋਂ, ਸਾਡੀ ਅੰਨ ਸੁਰੱਖਿਆ ਰਸਾਇਣਾਂ ਦੇ ਇਸ ਆਯਾਤ ਦੀ ਮੁਥਾਜ਼ ਹੈ। ਰਸਾਇਣਕ ਖੇਤੀ ਨੇ ਵਾਤਾਵਰਣ ਤੇ ਸਿਹਤਾਂ ਨੂੰ ਮਾਰਨ ਦੇ ਨਾਲ ਨਾਲ ਕਿਸਾਨਾਂ ਦੀ ਆਰਥਿਕਤਾ ਦਾ ਏਨਾ ਕੁ ਘਾਣ ਕੀਤਾ ਹੈ ਕਿ ਪਿਛਲੇ ਦਸਾਂ ਕੁ ਸਾਲਾਂ ਦੌਰਾਨ ਇਕੱਲੇ ਪੰਜਾਬ ਵਿੱਚ ਹੀ 2 ਲੱਖ ਕਿਸਾਨ ਬੇਜ਼ਮੀਨੇ ਹੋ ਕੇ ਖੇਤੀ ਨੂੰ ਅਲਵਿਦਾ ਆਖ ਗਏ। ਕਾਰਨ ਇਹ ਕਿ ਇਸ ਖੇਤੀ ਨੇ ਉਨ੍ਹਾਂ ਨੂੰ ਸਿਵਾਏ ਕਰਜ ਦੇ ਹੋਰ ਦਿੱਤਾ ਹੀ ਕੁੱਝ ਨਹੀਂ। ਅਨੇਕਾਂ ਕਿਸਾਨਾਂ ਨੂੰ ਆਪਣੀ ਪੂਰੀ ਜ਼ਮੀਨ ਜਾਂ ਉਸਦਾ ਦਾ ਕੁੱਝ ਹਿੱਸਾ ਵੇਚਣਾ ਪਿਆ।  ਹਾਲਾਤ ਇੰਨੇ ਬਦਤਰ ਹੋ ਗਏ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ ਆਤਮ ਹੱਤਿਆ ਕਰਨ ਲਈ ਕਰਨ ਲਈ ਮਜ਼ਬੂਰ ਹੋਣਾ ਪਿਆ। ਪੂਰੇ ਦੇਸ਼ ਵਿਚ ਪਿਛਲੇ ਦਸਾਂ ਸਾਲਾਂ ਅੰਦਰ 1ਲੱਖ 60 ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ। ਇਹ ਸਿਲਸਿਲਾ ਅਜੇ ਰੁਕਿਆ ਨਹੀਂ - ਅਜੇ ਵੀ ਹਜ਼ਾਰਾਂ ਹੋਰ ਕਿਸਾਨਾਂ ਸਿਰ ਕੁਰਕੀ ਦੀ ਤਲਵਾਰ ਲਟਕ ਰਹੀ ਹੈ। ਕੁਦਰਤੀ ਖੇਤੀ ਇਸ ਮੁਥਾਜੀ ਤੋਂ, ਕੁਦਰਤ ਦੇ ਇਸ ਵਿਨਾਸ਼ ਤੋਂ, ਕਿਸਾਨ ਦੇ ਇਸ ਸ਼ੋਸ਼ਣ ਤੋਂ ਅਤੇ ਸਿਹਤਾਂ ਦੇ ਇਸ ਘਾਣ ਤੋਂ ਮੁਕਤੀ ਦੇ ਰਾਹ ਖੋਲ੍ਹਦੀ ਹੈ।

ਕੁਦਰਤੀ ਖੇਤੀ ਰਵਾਇਤੀ ਬੀਜਾਂ ਨੂੰ ਬਚਾਉਣ ਦੇ ਨਾਲ ਨਾਲ ਪਿੰਡ ਕੇਂਦਰਤ ਅਰਥ ਵਿਵਸਥਾ ਦਾ ਪੱਖ ਲੈਂਦੀ ਹੈ। ਕੁਦਰਤੀ ਖੇਤੀ ਕਰਨ ਵਾਲਾ ਕਿਸਾਨ ਕਿਸੇ ਯੂਰੀਆ, ਡੀ.ਏ.ਪੀ, ਜਾਂ ਕੀੜੇਮਾਰ ਜ਼ਹਿਰ ਦਾ ਗ਼ੁਲਾਮ ਨਹੀਂ ਸਗੋਂ ਉਹ ਤਾਂ ਸਰਬੱਤ ਦੇ ਭਲੇ ਦਾ ਸੰਕਲਪ ਲੈ ਕੇ ਹਵਾ, ਪਾਣੀ ਤੇ ਧਰਤੀ ਨੂੰ ਗੁਰੂ, ਪਿਤਾ ਤੇ ਮਾਤਾ ਵਾਲਾ ਸਤਿਕਾਰ ਦੇਣ ਵਾਲਾ ਯੋਧਾ ਹੁੰਦਾ ਹੈ। ਅੱਜ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਇਕੱਠੇ ਹੋਏ ਕੁਦਰਤ ਪ੍ਰੇਮੀਆਂ ਨੂੰ ਇਹ ਵੰਗਾਰ ਹੈ ਕਿ ਉਹ ਸਭ ਤੋਂ ਪਹਿਲਾਂ ਕੁਦਰਤੀ ਖੇਤੀ ਅਪਨਾਉਣ ਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸਾਹਿਤ ਕਰਨ। ਸਾਡਾ ਟੀਚਾ ਹੋਣਾ ਚਾਹੀਦਾ ਹੈ ਆਉਦੇ ਕੁੱਝ ਸਾਲਾਂ ਵਿਚ ਪੂਰੇ ਪੰਜਾਬ ਨੂੰ ਜ਼ਹਿਰ ਮੁਕਤ ਕਰਨਾ ।ਇਸ ਲਈ ਹਰ ਕਿਸਾਨ ਜੋ ਸਰਬੱਤ ਦਾ ਭਲਾ ਮੰਗਦਾ ਹੈ, ਜੋ ਭਗਤ ਸਿੰਘ ਦੇ ਆਜ਼ਾਦੀ ਦੇ ਵਿਚਾਰ ਨੂੰ ਅਮਲੀ ਰੂਪ ਵਿਚ ਲਾਗੂ ਹੋਇਆ ਵੇਖਣਾ ਚਾਹੁੰਦਾ ਹੈ, ਜੋ ਲੋਕ ਪੱਖੀ ਨਿਜ਼ਾਮ ਦਾ ਹਾਮੀ ਹੈ ਉਹ ਕੁਦਰਤੀ ਖੇਤੀ ਕਰੇ, ਕਰਾਵੇ ਤੇ ਹੋਰਾਂ ਨੂੰ ਕੁਦਰਤੀ ਖੇਤੀ ਕਰਨ ਲਈ ਉਤਸਾਹਿਤ ਕਰੇ। ਕੁਦਰਤੀ ਖੇਤੀ ਦੇ ਪ੍ਰਚਾਰ -ਪ੍ਰਸਾਰ ਲਈ ਕਿਸੇ ਹੋਰ ਹੱਥ ਅੱਡਣ ਦੀ ਬਜਾਇ ਸਮਾਜ ਦੇ ਸੁਚੇਤਨ ਲੋਕਾਂ ਨੂੰ ਆਪਣੇ ਪੱਧਰ 'ਤੇ ਯਤਨ ਅਰੰਭਣੇ ਚਾਹੀਦੇ ਹਨ। ਕੁਦਰਤੀ ਖੇਤੀ ਲੋਕ ਹਿੱਸੇਦਾਰੀ ਅਤੇ ਲੋਕ ਸੰਕਲਪ ਨਾਲ ਚੱਲਣ ਵਾਲੀ ਇਕ ਲੋਕ ਲਹਿਰ ਹੈ। ਇਸ ਲੋਕ ਲਹਿਰ ਦੀ ਅਗਵਾਈ ਕਿਸਾਨ ਕੀ ਕਰਨਗੇ। ਕਿਸਾਨ ਹੀ ਇਸਦੇ ਮਾਹਿਰ ਹੋਣਗੇ। ਉਹ ਹੀ ਇਸਦੇ ਵਿਗਿਆਨੀ ਹੋਣਗੇ ਤੇ ਕੁਦਰਤੀ ਖੇਤੀ ਸਬੰਧੀ ਹਰ ਤਰ੍ਹਾਂ ਦੇ ਫੈਸਲੇ ਲੈਣ ਦਾ ਹੱਕ ਵੀ ਉਨ੍ਹਾਂ ਦਾ ਹੀ ਹੋਵੇਗਾ।

ਸਾਡੀ ਦੇਸੀ ਖੇਤੀ ਦਾ ਮੰਡੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ । ਜ਼ਮੀਨ ਵੀ ਕਿਸਾਨ ਦੀ, ਸੰਦ ਵੀ ਕਿਸਾਨ ਦੇ (ਲੁਹਾਰ ਦੇ ਬਣਾਏ ਹੋਏ), ਬੀਜ ਵੀ ਆਪਣੇ ਹੀ, ਖਾਦਾਂ ਵੀ ਘਰ ਦੀਆਂ (ਗੋਹਾ, ਮੂਤਰ ਤੇ ਪੌਦਿਆਂ ਦਾ ਗਲਣ-ਸੜਣ) ਹਵਾ, ਪਾਣੀ, ਧੁੱਪ ਕੁਦਰਤ ਦੀ-ਗੱਲ ਕੀ ਖੇਤੀ ਕਰਨ ਲਈ ਕਿਸਾਨ ਬਜ਼ਾਰ ਤੋਂ , ਖਾਸ ਕਰਕੇ ਵੱਡੇ ਸਰਮਾਏਦਾਰਾਂ ਤੋਂ ਕੁੱਝ ਵੀ ਨਹੀਂ ਸੀ ਖਰੀਦਦਾ। ਉਹ ਸਿਰਫ ਆਪਣੀ ਫਸਲ (ਜੋ ਆਪਣੇ ਘਰੇਲੂ ਵਰਤੋਂ ਤੋਂ ਵਧ ਹੋਵੇ) ਬਜ਼ਾਰ ਵਿਚ ਵੇਚਦਾ ਸੀ। ਉਹ ਵੀ ਜ਼ਿਆਦਾਤਰ ਸਿੱਧੀ ਖਪਤਕਾਰ ਨੂੰ ਜਾਂ ਛੋਟੇ ਵਪਾਰੀ ਨੂੰ।

ਕੁਦਰਤੀ ਖੇਤੀ ਦੀ ਸਫਲਤਾ
ਕੁਦਰਤੀ ਖੇਤੀ ਦੇ ਦੇਸ਼ ਭਰ ਵਿਚ ਬੜੇ ਸਫਲ ਨਤੀਜੇ ਸਾਹਮਣੇ ਆਏ ਹਨ। ਮਹਾਂਰਾਸ਼ਟਰ ਵਿਚ ਇਸ ਢੰਗ ਦੀ ਖੇਤੀ 'ਤੇ ਸਾਲਾਂਬੱਧੀ ਖੋਜ ਕਾਰਜ ਕਰਨ ਵਾਲੇ ਸ੍ਰੀ ਸੁਭਾਸ਼ ਪਾਲੇਕਰ ਦੀ ਅਵਗਵਾਈ ਹੇਠ ਜ਼ੀਰੋ ਬਜਟ ਖੇਤੀ ਲਹਿਰ ਕਿਸਾਨਾਂ ਲਈ ਖੁਸ਼ਹਾਲੀ ਦੇ ਰਾਹ ਖੋਲ੍ਹ ਰਹੀ ਹੈ। ਆਂਧਰਾ ਪ੍ਰਦੇਸ਼ ਵਿਚ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ ਨਾਂਅ ਦੀ ਸੰਸਥਾ ਵੱਲੋਂ ਤਿਆਰ ਜ਼ਹਿਰਮੁਕਤ ਖੇਤੀ ਦੇ ਮਾਡਲ ਨੇ ਆਪਣੇ ਸਾਰੇ ਵਿਰੋਧੀਆ ਦੇ ਮੂੰਹ ਬੰਦ ਕਰ ਦਿਤੇ ਹਨ ਅਤੇ ਇਸ ਦੀ ਸਫਲਤਾ ਨੂੰ ਭਾਰਤ ਸਰਕਾਰ ਦੇ ਨਾਲ- ਨਾਲੇ ਰਾਜ ਸਰਕਾਰ ਨੇ ਵੀ ਮੰਨ ਲਿਆ ਹੈ। ਉਥੇ ਹੁਣ ਦੋਵੇਂ ਸਰਕਾਰਾਂ ਕੁਦਰਤੀ ਖੇਤੀ ਤਕਨੀਕ ਦੇ ਪ੍ਰਚਾਰ ਪ੍ਰਸਾਰ ਲਈ ਸੀ.ਐਸ .ਏ. ਦੀ ਅਗਵਾਈ ਸਵੀਕਾਰ ਚੁੱਕੀਆਂ ਹਨ। ਪੰਜਾਬ ਵਿਚ ਪਿਛਲੇ ਦੋ ਸਾਲਾਂ ਅੰਦਰ ਜ਼ਹਿਰ, ਕਰਜ ਤੇ ਜ਼ਿੱਲਤ ਮੁਕਤ ਇਸ ਕੁਦਰਤੀ ਖੇਤੀ ਦੇ ਸਫਲ ਹੋਣ ਦੀਆਂ ਸੁਹਣੀਆਂ ਦੇ ਠੋਸ ਉਦਾਹਰਨਾਂ ਸਾਹਮਣੇ ਆਈਆ ਹਨ। ਪਿੰਗਲਵਾੜਾ ਅੰਮ੍ਰਿਤਸਰ, ਖੇਤੀ ਵਿਰਾਸਤ ਮਿਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਕੁਦਰਤੀ ਖੇਤੀ ਲਹਿਰ ਦੀ ਸਫਲਤਾ ਲਈ ਕਾਰਜਸ਼ੀਲ ਹੈ। ਇਸ ਵੇਲੇ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਕੁਦਰਤੀ ਖੇਤੀ ਲੋਕ ਲਹਿਰ ਦੇ ਹਜ਼ਾਰਾਂ ਕਿਸਾਨ ਵੀ ਖੇਤੀ ਦੇ ਇਸ ਮਾਡਲ ਦੀ ਸਫਲਤਾ ਦੀ ਇਬਾਰਤ ਲਿਖ ਰਹੇ ਹਨ। ਇਸ ਖੇਤੀ ਵਿਚ ਲੱਗੇ ਕਿਸਾਨਾਂ ਦੀ ਜ਼ੁਬਾਨੀ ਇਹ ਖੇਤੀ ਸਵੈਮਾਨ ਤੇ ਸਮਰਿੱਧੀ ਦੇਣ ਵਾਲੀ ਖੇਤੀ ਹੈ। ਇਸ ਢੰਗ ਦੀ ਖੇਤੀ ਰਸਾਇਣਕ ਖੇਤੀ ਦੇ ਬਰਾਬਰ ਹੀ ਨਹੀਂ ਸਗੋਂ ਵੱਧ ਝਾੜ ਦੇਣ ਵਿਚ ਕਾਮਯਾਬ ਹੈ। ਦੂਜਾ ਇਹ ਸਾਡੇ ਬੇਹੱਦ ਪਲੀਤ ਹੋ ਚੁੱਕੇ ਵਾਤਾਵਰਣ ਨੂੰ ਨਿਰਮਲਤਾ ਵੀ ਪ੍ਰਦਾਨ ਕਰਦੀ ਹੈ।ਇੰਨਾ ਹੀ ਕੁਦਰਤੀ ਖੇਤੀ ਵਿੱਚ ਪਾਣੀ ਦੀ ਵਰਤੋਂ ਵੀ 45-50 ਫੀਸਦੀ ਘੱਟ ਹੁੰਦੀ ਹੈ। ਇਸ ਖੇਤੀ ਰਾਹੀਂ ਅਸੀਂ ਧਰਤੀ ਮਾਂ ਨੂੰ ਕੋਹ ਕੋਹ ਕੇ ਉਸ ਕੋਲੋਂ ਕੁੱਝ ਹਾਸਲ ਨਹੀਂ ਕਰਦੇ ਸਗੋਂ ਉਸ ਨੂੰ ਸਜੀਵ ਰੱਖਦੇ ਹਾਂ।

ਸਾਡਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਕੁਦਰਤੀ ਖੇਤੀ ਲੋਕ ਲਹਿਰ ਨੂੰ ਪੱਕੇ ਪੈਰੀਂ ਕਰਨ ਲਈ ਹਰੇਕ ਪਿੰਡ ਵਿਚ ਇੱਕ ਬੀਜ ਬੈਂਕ ਸਥਾਪਿਤ ਕੀਤਾ ਜਾਣਾ ਮੁੱਢਲੀ ਲੋੜ ਹੈ। ਜਿੱਥੇ ਕੁਦਰਤੀ ਖੇਤੀ ਦੇ ਮੁੱਖ ਅਧਾਰ ਦੇਸੀ ਬੀਜਾਂ ਦੀ ਉ ਪਲਬਦਤਾ ਯਕੀਨੀ ਹੋਵੇਗੀ। ਇਸੇ ਸਿਲਸਿਲੇ ਤਹਿਤ ਹਰੇਕ ਪਿੰਡ ਵਿਚ ਕੁਦਰਤੀ ਖੇਤੀ ਨਾਲ ਸਬੰਧਿਤ ਗਤੀਵਿਧੀਆਂ ਦਾ ਲੇਖਾ ਜੋਖਾ, ਭਵਿੱਖ ਦੀ ਯੋਜਨਾ ਬੰਦੀ ਤੇ ਵਰਤਮਾਨ ਸਮੱਸਿਆਵਾਂ ਦੇ ਹੱਲ ਸਬੰਧੀ ਉਪਰਾਲੇ ਕੀਤੇ ਜਾਣ ਦੀ ਵਿਵਸਥਾ ਦੇ ਤਹਿਤ ਕੁਦਰਤੀ ਖੇਤੀ ਕੇਂਦਰ ਸਥਾਪਤ ਕਰਨੇ ਅਤਿ ਜ਼ਰੂਰੀ ਹਨ। ਜਿੱਥੇ ਜੀਵ ਅੰਮ੍ਰਿਤ, ਬੀਜ ਅੰਮ੍ਰਿਤ ਆਦਿ ਬਣਾਉਣ ਦੀ ਸਿਖਲਾਈ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਪਿੰਡ ਵਿਚ ਵੱਡੇ ਪੱਧਰ 'ਤੇ ਰੁੱਖ  ਲਾਉਣ ਹਿਤ ਨਰਸਰੀ ਤਿਆਰ ਕੀਤੀ ਜਾਵੇਗੀ।

ਵਕਤ ਦੀ ਲੋੜ - ਸਰਬੱਤ ਦੇ ਭਲੇ ਦਾ ਸੰਕਲਪ
ਅੱਜ ਪੰਜਾਬ ਨੂੰ ਲੋੜ ਹੈ ਇਕ ਐਸੀ ਲੋਕ ਲਹਿਰ ਦੀ ਜੋ ਸਾਡੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਪ੍ਰਤੀ ਯਤਨਸ਼ੀਲ, ਕੁਦਰਤੀ ਸੋਮਿਆਂ ਤੇ ਸਮਾਜ ਦੇ ਸੰਪ੍ਰਭੂ ਅਧਿਕਾਰ ਦੀ ਰਖਿਆ ਲਈ ਸੁਚੇਤ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਸਮਰਪਿਤ ਹੋਵੇ। ਆਜ਼ਾਦੀ ਦੇ ਤੀਜੇ ਸੰਘਰਸ਼ ਦੇ ਰੂਪ ਵਿਚ ਇਹ ਲੋਕ ਲਹਿਰ ਵਾਤਾਵਰਣੀ ਅਤੇ ਸਮਾਜਿਕ ਨਿਆਂ ਦਾ ਖ਼ਿਆਲ ਰੱਖਣ ਵਾਲੀ ਅਤੇ ਸੰਸਾਰੀਕਰਣ ਦੀ ਪ੍ਰਕਿਰਿਆ ਨੂੰ ਠੱਲ੍ਹ ਪਾਉਣ ਵਾਲੀ ਹੋਵੇ। ਇਹ ਲੋਕ ਲਹਿਰ ਸਾਡੇ ਵਿਰਾਸਤੀ ਗਿਆਨ ਦੀ ਰੱਖਿਆ ਅਤੇ ਅਗਲੀ ਪੀੜ੍ਹੀ ਤੱਕ ਉਸ ਨੂੰ ਸੰਭਾਲ ਕੇ ਸੌਂਪਣ ਵਿਚ ਸਮਰੱਥ ਹੋਵੇ। ਬੰਜਰ ਹੋ ਰਹੀ ਧਰਤੀ ਨੂੰ ਮੁੜ ਜੀਵਤ ਕਰਨ, ਪਾਣੀ ਤੇ ਹੋਰ ਕੁਦਰਤੀ ਸੋਮਿਆਂ ਦੀ ਰੱਖਿਆ ਲਈ ਅੱਗੇ ਆਵੇ। ਇਸ ਲੋਕ ਲਹਿਰ ਦਾ ਆਧਾਰ ਕੁਦਰਤ ਪੱਖੀ ਵਿਕਾਸ 'ਚ ਵਿਸ਼ਵਾਸ ਕਰਨ ਵਾਲੇ ਕਿਸਾਨ ਅਤੇ ਕੁਦਰਤ ਪ੍ਰੇਮੀ ਹੋਣਗੇ। ਸਾਡਾ ਵਿਸ਼ਵਾਸ ਹੈ ਕਿ ਸ਼ਹੀਦ-ਇਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇਸ ਲੋਕ ਲਹਿਰ ਦਾ ਨਵਾਂ ਆਗ਼ਾਜ਼ ਹੋਵੇਗਾ। ਵਿਕਾਸ ਦੇ ਢਾਂਚੇ ਦੀ ਬੌਧਿਕ ਤੇ ਤਕਨੀਕੀ ਬਹਿਸ ਨੂੰ ਪੰਜਾਬ ਦੇ ਭੂਗੋਲਿਕ, ਸੱਭਿਆਚਾਰਕ ਅਤੇ ਕੁਦਰਤੀ ਸੋਮਿਆਂ 'ਤੇ ਅਧਾਰਤ ਕਸੌਟੀ 'ਤੇ ਪਰਖਣਾ ਹੋਵੇਗਾ। ਸਰਬੱਤ ਦੇ ਭਲੇ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਤੋਂ ਲੈ ਕੇ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਅਤੇ ਅਜ਼ਾਦੀ ਲਈ ਕੁਰਬਾਨ ਹੋ ਜਾਣ ਵਾਲੇ ਹਜ਼ਾਰਾਂ ਸ਼ਹੀਦਾਂ ਦੇ ਵਿਚਾਰਾਂ ਦੀ ਵਿਰਾਸਤ, ਕੁਦਰਤੀ ਖੇਤੀ ਦੀ ਇਸ ਲੋਕ ਲਹਿਰ ਲਈ ਚਾਣਨ ਮੁਨਾਰੇ ਦਾ ਕੰਮ ਕਰੇਗੀ। ਇਸ ਲਹਿਰ ਨੂੰ ਸ਼ਹੀਦ ਭਗਤ ਸਿੰਘ ਤੋਂ ਲੈਕੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜੀਵਨ ਤਾਕਤ ਬਖ਼ਸ਼ਦਾ ਹੈ, ਸੇਧ ਦਿੰਦਾ ਹੈ।

ਅਸੀਂ ਪੰਜਾਬ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਹਰ ਉਹ ਵਿਅਕਤੀ ਜੋ ਕੁਦਰਤ ਤੇ ਲੋਕ ਪੱਖੀ ਸੋਚ ਰੱਖਦਾ ਹੈ, ਜੋਤਬਾਹ ਹੁੰਦੇ ਕੁਦਰਤੀ ਸੋਮਿਆਂ, ਵਾਤਾਵਰਣ ਤੇ     ਲੁੱਟੀ ਜਾ ਰਹੀ ਆਜ਼ਾਦੀ ਨੂੰ ਬਚਾਉਣਾ ਚਾਹੁੰਦਾ ਹੈ ਉਹ ਇਸ ਲਹਿਰ ਦਾ ਹਿੱਸਾ ਬਣੇ। 

ਬੇੜੀ ਦਾ ਪੂਰ ਤ੍ਰਿੰਞਣ ਦੀਆਂ ਕੁੜੀਆਂ ਸਬੱਬ ਨਾਲ ਹੋਣ 'ਕੱਠੀਆਂ

By Harmail Preet

'ਤ੍ਰਿੰਞਣ' ਸਿਰਫ ਇੱਕ ਸ਼ਬਦ ਹੀ ਨਹੀਂ ਸਗੋਂ ਇੱਕ ਅਮੀਰ ਸੱਭਿਆਚਾਰਕ ਪ੍ਰੰਪਰਾ ਹੈ, ਜਿਹੜੀ ਮੌਲਦੀ ਸੀ ਖੁਲਦਿਲੇ ਪੰਜਾਬੀਆਂ ਦੇ ਖੁੱਲ-ਬਹਾਰੇ ਘਰਾਂ ਦੇ ਵਿਹੜਿਆਂ  ਵਿੱਚ, ਅੰਮ੍ਰਿਤਮਈ ਮਹਿਕ ਨਾਲ ਭਰਪੂਰ ਪੌਣਾਂ ਵਿੱਚ, ਨਿਰਮਲ ਲੋਕ ਮਨਾਂ ਵਿੱਚ ਤੇ ਜਿਹਦੇ ਵਿੱਚ ਵਗਦਾ ਸੀ ਗਿਆਨ ਦਾ ਅਥਾਹ ਸਾਗਰਜਿੱਥੋਂ ਪਨਪਦਾ ਸੀ ਉੱਚੀ-ਸੁੱਚੀ ਜੀਵਨ ਜਾਚ ਦਾ ਚੱਜ-ਆਚਾਰਸਾਡੇ ਵਿੱਚੋਂ ਬਹੁਤਿਆਂ ਨੇ ਭਲੇ ਵੇਲਿਆਂ 'ਚ ਮਾਣਿਆਂ ਹੋਵੇਗਾ ਇਸ ਮਹਨਾ ਪ੍ਰੰਪਰਾ ਦੇ ਸੁਹਜ ਨੂੰ ਪਰ ਅੱਜ ਬਹੁਗਿਣਤੀ ਐਸੀ ਵੀ ਹੈ ਜੀਹਦੇ ਲਈ 'ਤ੍ਰਿੰਞਣ', ਪੰਜਾਬੀ ਬੋਲੀ ਦਾ ਇੱਕ ਸ਼ਬਦ ਮਾਤਰ ਹੀ ਹੈਇਸ ਤੋਂ ਅੱਗੇ ਉਸਨੇ ਨਾ ਹੀ ਤਾਂ ਕੁੱਝ ਜਾਨਣਾ ਚਾਹਿਆ ਹੈ ਤੇ ਨਾ ਹੀ ਅੱਜ ਤੱਕ ਕਿਸੇ ਨੇ ਉਹਨੂੰ ਇਸ ਬਾਰੇ ਦੱਸਿਆ ਹੀ ਹੈ

ਬੀਤੇ ਵੇਲਿਆਂ ਦੀ ਸ਼ਾਨ,ਤ੍ਰਿੰਞਣ ਨੂੰ ਪੰਜਾਬੀ ਔਰਤਾਂ ਦਾ ਸਹਿਜ ਉਤਸਵ ਕਹਿ ਲਿਆ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀਇੱਕ ਅਜਿਹਾ ਉਤਸਵ ਜੀਹਦੇ ਲਈ ਪਿੰਡ ਵਿੱਚ ਕਦੇ ਕੋਈ ਵਿਸ਼ੇਸ਼ ਥਾਂ ਨਿਸ਼ਚਿਤ ਨਹੀਂ ਸੀ ਕੀਤੀ ਜਾਂਦੀ ਤੇ ਨਾ ਹੀ ਕਿਸੇ ਵਿਸ਼ੇਸ਼ ਤਿਆਰੀ ਦੀ ਹੀ ਲੋੜ ਪੈਂਦੀ ਸੀਹਰ ਉਮਰ ਦੀਆਂ ਬੀਬੀਆਂ (ਨਿੱਕੀਆਂ ਬੱਚੀਆਂ, ਭਰ ਜੋਬਨ ਮੁਟਿਆਰਾਂ ਨੂੰਹਾਂ, ਧੀਆਂ ਤੇ ਬਜੁਰਗ ਮਾਤਾਵਾਂ) ਰੋਟੀ ਟੁੱਕ ਤੋਂ ਵਿਹਲੀਆਂ ਹੋ ਕੇ ਪਿੰਡ ਵਿੱਚ ਵੱਖ ਵੱਖ ਥਾਵਾਂ ਤੇ ਕਿਸੇ ਵੀ ਖੁੱਲ-ਬਹਾਰੇ ਘਰ ਵਿੱਚ ਆਣ ਜੁੜਦੀਆਂ ਸਨਫਿਰ ਸ਼ੁਰੂ ਹੁੰਦਾ ਸੀ ਪੁਰੇ ਦੀ ਰੁਮਕਦੀ ਪੌਣ ਵਰਗੇ ਮਿੱਠੇ ਗੀਤਾਂ, ਲੰਮੀਆਂ ਬਾਤਾਂ ਤੇ ਹਾਸੇ ਠੱਠੇ ਭਰੇ ਮਨਮੋਹਕ ਮਾਹੌਲ ਵਿੱਚ ਚਰਖ਼ੇ ਕੱਤਣ, ਕਸੀਦੇ ਕੱਢਣ, ਪੱਖੀਆਂ ਤੇ ਨਾਲੇ ਬੁਣਨ ਵਰਗੇ ਸੁਹਜਮਈ ਕੰਮਾਂ ਦਾ ਰਾਤ ਭਰ ਚੱਲਣ ਵਾਲਾ ਦੌਰਨਾਲ ਹੀ ਸ਼ੁਰੂ ਹੋ ਜਾਂਦਾ ਸੀ ਇੱਕ ਦੂਜੀ ਤੋਂ ਅੱਡ ਅੱਡ ਕੰਮਾਂ ਦੇ ਵੱਲ ਸਿੱਖਣ, ਮਿਲਜੁਲ ਕੇ ਕੰਮ ਨਿਬੇੜਨ, ਵੰਡ ਕੇ ਖਾਣ, ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ (ਰੋਗਾਂ ਆਦਿ) ਦੇ ਹੱਲ ਲੱਭਣ ਤੇ ਬਜ਼ੁਰਗਾਂ ਤੋਂ ਬੱਚਿਆਂ ਤੱਕ ਅਥਾਹ ਗਿਆਨ ਦੇ ਅਦਾਨ -ਪ੍ਰਦਾਨ ਦਾ ਨਿਰਛਲ ਸਿਲਸਿਲਾਜੇ ਇੱਕ ਸਤਰ ਵਿੱਚ ਤ੍ਰਿੰਞਣ ਦਾ ਸਾਰ ਦੇਈਏ ਤਾਂ ਤ੍ਰਿੰਞਣ ਸਮਾਜ ਵਿੱਚ ਰਵਾਇਤੀ ਗਿਆਨ ਦੇ ਮੌਖਿਕ ਪਸਾਰ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਪੀਢੀਆਂ ਕਰਨ ਵਾਲੀ, ਇਸਤ੍ਰੀਆਂ ਦੀ ਇੱਕ ਮਹਾਨ ਪ੍ਰੰਪਰਾ ਸੀ

ਇਸ ਪ੍ਰੰਪਰਾ ਨੂੰ ਵਾਹ ਕੇ ਲੈ ਗਿਆ ਬਹੁਕੌਮੀ ਕੰਪਨੀਆਂ ਦੁਆਰਾ ਖੇਤੀ ਵਿੱਚ ਹਰੇ ਇਨਕਲਾਬ ਦੀ ਆੜ ਵਿੱਚ ਸਾਡੇ ਸਮਾਜ ,ਸੱਭਿਅਤਾ ਤੇ ਸੱਭਿਆਚਾਰ ਉੱਤੇ ਕੀਤੇ ਗਏ ਪੱਛਮੀ ਹਮਲੇ ਦਾ ਹੜਹਰੇ ਇਨਕਲਾਬ ਨੇ ਸਾਡੀ ਸਵੈਨਿਰਭਰ ਪਛਾਣ ਖਤਮ ਕਰਦੇ ਸਾਨੂੰ ਬਜ਼ਾਰਵਾਦੀ ਸੱਭਿਅਤਾ ਦੇ ਪੈਰੋਕਾਰ ਬਣਾ ਦਿੱਤਾਅਸੀਂ ਖੇਤੀ ਦੇ ਨਾਲ ਨਾਲ ਰੋਜ਼ਾਨਾ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਲਈ ਬਜ਼ਾਰ 'ਤੇ ਨਿਰਭਰ ਹੋ ਗਏਹਰ ਉਹ ਚੀਜ਼ ਸਾਡੇ ਤੋਂ ਵਿੱਸਰ ਗਈ ਜਿਹੜੀ ਕਦੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੀ ਨਹੀਂ ਸਗੋਂ ਸ਼ਾਨ ਹੁੰਦੀ ਸੀਸਾਡਾ ਰਹਿਣ-ਸਹਿਣ, ਖਾਣ-ਪਾਣ, ਪਹਿਰਾਵਾ ਸਭ ਬਦਲ ਗਿਆਅਸੀਂ ਆਪਣੀ ਜ਼ਰੂਰਤ ਦੀ ਹਰੇਕ ਚੀਜ਼ ਲਈ ਬਜ਼ਾਰ ਦਾ ਮੂੰਹ ਦੇਖਣ ਲੱਗ ਪਏ ਹਾਂਏਥੋਂ ਤੱਕ ਕਿ ਕੱਪੜੇ ਜਿਹੜੇ ਕਦੇ ਘਰ ਦੇ ਬੁਣੇ ਸੂਤ ਤੋਂ ਹੀ ਬਣਾਏ ਜਾਂਦੇ ਸਨ ਤੇ ਸੂਤ ਕੱਤਣ ਲਈ ਜਿਹੜੀ ਕਪਾਹ ਦੀ ਰੂੰ ਵਰਤੀ ਜਾਂਦੀ ਸੀ ਉਹ ਵੀ ਹਰੇ ਇਨਕਲਾਬ ਦੀ ਭੇਂਟ ਚੜ੍ਹ ਗਈਇਹਦੇ ਨਾਲ ਹੀ ਚਰਖ਼ੇ ਕੱਤਣਾ, ਕਸੀਦੇ ਕੱਢਣਾ, ਪੱਖੀਆਂ ਤੇ ਨਾਲੇ ਬੁਣਨਾ ਗੱਲ ਕੀ ਹਰ ਉਹ ਕੰਮ ਜੀਹਦੇ ਤੇ ਹੱਥ ਦੀ ਮਿਹਨਤ ਲੱਗਦੀ ਸੀ ਸਾਡੇ ਜੀਵਨ, ਘਰਾਂ ਤੇ ਸਾਡੇ ਸਮਾਜ ਵਿੱਚੋਂ ਰੁਖ਼ਸਤ ਹੋ ਗਿਆਸਮਾਂ ਪੈ ਕੇ ਆਪਸੀ ਸਾਂਝ ਦੇ ਭਾਈਚਾਰੇ ਦੀਆਂ ਪੀਢੀਆ ਤੰਦਾਂ ਟੁੱਟ ਗਈਆਂਸਿੱਟੇ ਵਜੋਂ ਹੌਲੀ-ਹੌਲੀ ਤ੍ਰਿੰਞਣ ਵੀ ਅਲੋਪ ਹੋ ਗਿਆ


'
ਤ੍ਰਿੰਞਣ' ਹੀ ਨਹੀਂ ਸਮਾਜਿਕ, ਪਰਵਾਰਕ ਤੇ ਖੇਤੀ ਨਾਲ ਸਬੰਧਤ ਕੰਮਾਂ ਵਿੱਚ ਔਰਤਾਂ ਦੁਆਰਾ ਲਗਾਤਾਰ ਨਿਭਾਈ ਜਾਂਦੀ ਰਹੀ ਅਹਿਮ ਭੂਮਿਕਾ ਹਰੇ ਇਨਕਲਾਬ ਦੇ ਦੈਂਤ ਨੇ ਨਿਗਲ ਲਈਉਹਨਾਂ ਦੇ ਅਨੇਕਾਂ ਕੰਮ ਜਿਵੇਂ ਬੀਜ ਬਣਾਉਣੇ ਤੇ ਸੰਭਾਲ ਕੇ ਰੱਖਣੇ, ਖੇਤੋਂ ਘਰ ਲਈ, ਬਜ਼ੁਰਗਾਂ ਤੇ ਜਾਨਵਰਾਂ ਲਈ, ਕੀਤੇ ਤੇ ਕਿੰਨਾ ਚਾਹੀਦਾ ਹੈ? ਆਦਿ ਕੰਮਾਂ ਤੋਂ ਉਹਨਾਂ ਨੂੰ ਮਹਿਰੂਮ ਕਰ ਦਿੱਤਾ ਗਿਆਉਹਨਾਂ ਦੇ ਘਰ ਤੇ ਖੇਤੀ ਸਬੰਧੀ ਫੈਸਲੇ ਕਰਨ ਦਾ ਅਧਿਕਾਰ ਸਿਰਫ ਮਰਦਾਂ ਕੋਲ ਤੇ ਸੱਚ ਪੁੱਛੋ ਤਾਂ ਮਰਦਾਂ ਰਾਹੀਂ ਬਜ਼ਾਰ ਨੇ ਹਥਿਆ ਲਿਆ ਹੈਇਹੀ ਕਾਰਨ ਹੈ ਕਿ ਪਹਿਲੇ ਵੇਲਿਆਂ ਦੇ ਮੁਕਾਬਲੇ ਵੱਧ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਅਜੋਕੇ ਸਮੇਂ ਔਰਤਾਂ ਨੂੰ ਸਮਾਜ ਵਿਚ ਬਣਦਾ ਸਤਿਕਾਰ ਤੇ ਰੁਤਬਾ ਪ੍ਰਾਪਤ ਨਹੀਂ ਹੈ ਤੇ ਇਸ ਸਭ ਲਈ ਸਿੱਧਿਆਂ ਹੀ ਜਿੰਮੇਂਦਾਰ ਹੈ ਬਜ਼ਾਰ 'ਤੇ ਸਾਡੀ ਹੱਦੋਂ ਵੱਧ ਤੇ ਗ਼ੈਰਜ਼ਰੂਰੀ ਨਿਰਭਰਤਾਸਾਨੂੰ ਇਸਤ੍ਰੀਆਂ ਨੂੰ ਆਪਣੇ ਬੱਚਿਆਂ, ਆਪਣੇ ਪਰਵਾਰਾਂ ਤੇ ਆਪਣੇ ਸਮਾਜ ਦੇ ਚਿਰੰਜੀਵੀ ਤੇ ਸੁਨਹਿਰੇ ਭਵਿੱਖ ਲਈ ਆਪਣੇ ਜੀਵਨ, ਘਰਾਂ, ਖੇਤਾਂ ਤੇ ਸਮਾਜ ਉੱਤੋਂ ਬਜ਼ਾਰ ਦੀ ਇਸ ਕਰੂਰ ਜਕੜਨ ਨੂੰ ਤੋੜਨ ਲਈ ਅੱਗੇ ਆਉਣਾ ਹੀ ਪਵੇਗਾਖਾਸਕਰ ਸ਼ਹਿਰੀ ਔਰਤਾਂ ਕਿਚਨ ਗਾਰਡਨਿੰਗ ਦੇ ਨਾਲ-ਨਾਲ ਆਪਣੇ ਪੱਧਰ ਤੇ,ਜ਼ਹਿਰ ਮੁਕਤ ਪਦਾਰਥ ਉਗਾਉਣ ਤੇ ਉਪਲਬਧ ਕਰਵਾਉਣ ਵਾਲੇ ਕਿਸਾਨਾਂ ਲਈ ਉੱਚਿਤ ਮਾਰਕੀਟ ਮੁਹੱਈਆ ਕਰਵਾ ਕੇ ਇਸ ਉਦਮ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨਏਥੇ ਇਹ ਜ਼ਿਕਰਯੋਗ ਹੈ ਕਿ ਬਜ਼ਾਰ -ਦੁੱਧ, ਦਾਲਾਂ, ਅਨਾਜ, ਫ਼ਲਾਂ ਤੇ ਸਬਜ਼ੀਆਂ ਦੇ ਰੂਪ ਵਿੱਚ ਜਿਹੜੇ ਵੀ ਖੁਰਾਕੀ ਪਦਾਰਥ ਸਾਡੀ ਤੇ ਸਾਡੇ ਬੱਚਿਆਂ ਦੀ ਥਾਲੀ ਵਿੱਚ ਪਰੋਸ ਰਿਹਾ ਹੈ, ਉਹ ਨਿਰਾ ਜ਼ਹਿਰ ਹੀ ਹਨਅਸੀਂ ਮਾਂ, ਭੈਣ, ਪਤਨੀ ਹੋਣ ਦੇ ਨਾਤੇ ਆਪਣੇ ਹੀ ਚੁੱਲ੍ਹੇ ਉੱਤੇ ਆਪਣੇ ਹੱਥੀਂ ਜ਼ਹਿਰ ਪਕਾ ਕੇ ਆਪਣੇ ਹੀ ਪਿਆਰਿਆਂ ਨੂੰ ਕਿਵੇਂ ਖਵਾ ਸਕਦੀਆਂ ਹਾਂ? ਜਾਣੇ-ਅਣਜਾਣੇ ਹੀ ਸਹੀ, ਕਿਵੇਂ ਬਣ ਸਕਦੀਆਂ ਹਾਂ ਕਾਤਿਲ ਆਪਣੇ ਹੀ ਜਿਗ਼ਰ ਦੇ ਟੁਕੜਿਆਂ ਦੇ? ਕਿਵੇਂ ਦੇ ਸਕਦੀਆਂ ਹਾਂ ਉਹਨਾਂ ਨੂੰ ਅਤਿਅੰਤ ਬੇਰਹਿਮ ਮੌਤ ? ਜੇ ਇਹ ਸਭ ਨਾ ਮਨਜ਼ੂਰ ਹੈ ਸਭਨੂੰ ਤਾਂ ਆਓ ਸਾਰੀਆਂ ਮਿਲ ਕੇ 'ਤ੍ਰਿੰਞਣ' ਨੂੰ ਮੁੜ ਸੁਰਜੀਤ ਕਰੀਏ ਤੇ ਇੱਕ ਵਾਰ ਫਿਰ ਸਬੱਬ ਨਾਲ ਹੀ ਬੇੜੀ ਦੇ ਪੂਰ ਵਾਂਗ ਇਕੱਠੀਆਂ ਹੋਈਏ ਪਰ ਇਸ ਵਾਰ ਵਿਛੜਨ ਲਈ ਬਿਲਕੁਲ ਨਹੀਂ

ਅੱਜ ਜਦੋਂ ਪੰਜਾਬ ਇੱਕ ਵੱਡੇ ਵਾਤਾਵਰਣੀ ਸਿਹਤ, ਖੇਤੀ ਤੇ ਸੱਭਿਆਚਾਰਕ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਓਸੇ ਵੇਲੇ ਤ੍ਰਿੰਞਣ ਦਾ ਸਮਕਾਲੀ ਸੰਸਕਰਣ ਆਪਣੇ ਸਮੇਂ ਦੇ  ਇਸ ਸੰਕਟ, ਉਹਦੇ ਔਰਤਾਂ 'ਤੇ ਪ੍ਰਭਾਵ ਤੇ ਉਹਦੇ ਹੱਲ ਵਿਚ ਔਰਤਾਂ ਦੀ ਭੂਮਿਕਾ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈ 'ਤ੍ਰਿੰਞਣ' ਦਾ ਰਿਸ਼ਤਾ ਕੁਦਰਤ ਨਾਲ ਤਾਂ ਹਮੇਸ਼ਾ ਤੋਂ ਹੀ ਰਿਹਾ ਹੈਹੁਣ ਉਹ ਕੁਦਰਤ ਤੇ ਕੁਦਰਤ ਦੀ ਮੂਰਤ ਔਰਤ 'ਤੇ ਹੋ ਰਹੇ ਵਾਤਾਵਰਣੀ ਤੇ ਸੱਭਿਆਚਾਰਕ ਹਮਲੇ ਦਾ ਜਵਾਬ ਦੇਣ ਵਾਲਾ ਵੀ ਹੋਣਾ ਚਾਹੀਦਾ ਹੈਇਹ 'ਤ੍ਰਿੰਞਣ' ਚੇਤਨਾ ਤੇ ਸਮੇਂ ਦੇ ਸਿਰਜਣਸ਼ੀਲ ਸੰਘਰਸ਼ ਨੂੰ ਵੀ ਦਰਸਾਉਣ ਵਾਲਾ ਹੋਵੇਗਾ'ਤ੍ਰਿੰਞਣ' ਰਾਹੀਂ ਅਸੀਂ ਘਰੇਲੂ ਰਸੋਈ ਲਈ ਬਗ਼ੀਚੀ ਤੋਂ ਲੈ ਕੇ ਆਪਣੇ ਪਰਵਾਰਾਂ ਦੀ ਪੌਸ਼ਟਿਕ ਭੋਜਨ ਦੀ ਉਪਲਬਧਤਾ ਤਾਂ ਯਕੀਨੀ ਬਣਾ ਹੀ ਸਕਦੀਆਂ ਹਾਂ, ਨਾਲ ਹੀ ਛੋਟੇ-ਛੋਟੇ ਸਮੂਹਾਂ ਦੇ ਰੂਪ ਵਿੱਚ ਛੋਟੀਆਂ-ਛੋਟੀਆਂ ਬੱਚਤਾਂ ਦੇ ਮਾਧਿਅਮ ਨਾਲ ਨਾਰੀ ਸ਼ਸ਼ਕਤੀਕਰਨ ਦੀ ਮਿਸਾਲ ਵੀ ਕਾਇਮ ਕਰ ਸਕਦੀਆਂ ਹਾਂਸਭ ਤੋਂ ਵੱਡੀ ਗੱਲ ਇਹ ਕਿ ਸਾਡੇ ਗਲਾਂ ਵਿੱਚ ਪਿਆ ਗ਼ੁਲਾਮੀ ਦਾ ਅਦਿੱਖ ਪਰ ਬੇਹੱਦ ਖਤਰਨਾਕ ਜੂਲਾ ਵੀ ਪਰ੍ਹਾਂ ਵਗਾਹ ਮਾਰ ਸਕਦੀਆਂ ਹਾਂਏਹੀ ਵੇਲਾ ਹੈ ਸਾਡੇ ਸਭਨਾਂ ਲਈ,ਆਪਣੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁੱਝ ਕਰ ਗੁਜ਼ਰਨ ਦਾਇੱਕ ਗੱਲ ਹੋਰ- ਇਹ ਸ਼ਾਇਦ ਆਖ਼ਰੀ ਮੌਕਾ ਹੈ ਸਭਨਾਂ ਲਈ!